ਫੂਡ ਸੇਫਟੀ ਟੀਮ ਵੱਲੋਂ ਫਾਜ਼ਿਲਕਾ ਅਤੇ ਜਲਾਲਾਬਾਦ ਵਿਖੇ ਵੱਖ-ਵੱਖ ਥਾਵਾਂ ’ਤੇ ਖਾਣ ਪੀਣ ਵਾਲੀਆ ਵਸਤਾਂ ਦੀ ਕੀਤੀ ਜਾਂਚ

ਕੈਪਸ਼ਨ- ਖਾਣ ਪੀਣ ਵਾਲੀਆਂ ਚੀਜਾਂ ਦੀ ਚੈਕਿੰਗ ਕਰਦੀ ਫੂਡ ਸੇਫਟੀ ਟੀਮ।

*ਗੁਣਵਤਾ ਦੀ ਘਾਟ ਵਾਲੇ ਫਰੂਟ ਅਤੇ ਹੋਰ ਵਸਤਾਂ ਕੀਤੀਆ ਨਸ਼ਟ

ਫਾਜ਼ਿਲਕਾ, (ਪੰਜਾਬੀ ਸਪੈਕਟ੍ਰਮ ਸਰਵਿਸ) ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਫਾਜ਼ਿਲਕਾ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲਾ ਵਾਸੀਆ ਨੂੰ ਮਿਆਰੀ ਖਾਦ ਪਦਾਰਥਾਂ ਅਤੇ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਰੇਹੜੀਆਂ, ਦੁਕਾਨਾਂ ਤੇ ਖਾਣ ਪੀਣ ਵਾਲੀਆ ਵਸਤੂਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਫੂਡ ਸੇਫਟੀ ਅਫ਼ਸਰ ਗਗਨਦੀਪ ਕੌਰ ਨੇ ਜਲਾਲਾਬਾਦ ਅਤੇ ਫਾਜ਼ਿਲਕਾ ਵਿਖੇ ਵੱਖ ਵੱਖ ਥਾਵਾਂ ’ਤੇ ਖਾਣਾ ਪੀਣ ਵਾਲੀਆਂ ਵਸਤਾਂ ਦੀ ਗੁਣਵਤਾ ਦੀ ਜਾਂਚ ਕਰਨ ਵੇਲੇ ਦਿੱਤੀ। ਉਨਾਂ ਦੱਸਿਆ ਕਿ ਫਾਜ਼ਿਲਕਾ ਗਾਂਧੀ ਚੌਂਕ, ਸ਼ਾਸਤਰੀ ਚੌਂਕ, ਘੰਟਾਂ ਘਰ ਚੌਂਕ ਅਤੇ ਜਲਾਲਾਬਾਦ ਦੇ ਰਾਮਲੀਲਾ ਚੌਂਕ ਅਤੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਵਿਸੇਸ ਤੌਰ ਤੇ ਰੇਹੜੀਆਂ ’ਤੇ ਵੇਚੇ ਜਾਣ ਵਾਲੇ ਫਰੂਟ ਅਤੇ ਹੋਰਨਾਂ ਵਸਤਾਂ ਦੀ ਜਾਂਚ ਕੀਤੀ ਗਈ। ਉਨਾਂ ਦੱਸਿਆ ਕਿ ਗੁਣਵਤਾ ਦੀ ਘਾਟ ਪਾਏ ਜਾਣ ਵਾਲੇ ਰੇਹੜੀਆਂ ਵਾਲਿਆ ਦੇ ਫਰੂਟ ਅਤੇ ਹੋਰ ਵਸਤਾਂ ਨੂੰ ਮੌਕੇ ਤੇ ਨਸ਼ਟ ਕਰਵਾ ਦਿੱਤਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਮਾੜੀ ਕੁਆਲਟੀ ਦੀ ਵਸਤਾਂ ਨਾ ਵੇਚਣ ਦੀ ਚੇਤਾਵਨੀ ਦਿੱਤੀ। ਉਨਾਂ ਸਮੂਹ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਫੂਡ ਸੇਫਟੀ ਐਕਟ ਤਹਿਤ ਲਾਇਸੰਸ ਬਣਾਉਣ ਲਈ ਜਾਗਰੂਕ ਕੀਤਾ। ਉਨਾਂ ਕਿਹਾ ਕਿ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਕਿਸੇ ਦੁਕਾਨਦਾਰ ਜਾਂ ਰੇਹੜੀ ਵਾਲੇ ਨੇ ਫੂਡ ਸੇਫਟੀ ਦਾ ਲਾਇਸੰਸ ਨਾ ਬਣਵਾਇਆ, ਤਾਂ ਅਜਿਹੇ ਵਿਅਕਤੀਆਂ ਦੇ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।