ਸਨਅਤਕਾਰ ਦੇ ਦਫ਼ਤਰ ‘ਚੋਂ 7 ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ

ਲੁਧਿਆਣਾ, (ਪੰਜਾਬੀ ਸਪੈਕਟ੍ਰਮ ਸਰਵਿਸ)- ਸ਼ੁੱਕਰਵਾਰ ਨੂੰ ਸਥਾਨਕ ਗਿੱਲ ਰੋਡ ‘ਤੇ ਦਿਨ ਦਿਹਾੜੇ ਚਾਰ ਹਥਿਆਰਬੰਦ ਲੁਟੇਰੇ ਇੱਕ ਸਨਅਤਕਾਰ ਦੇ ਦਫ਼ਤਰ ‘ਚੋਂ 7 ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਦੁਪਹਿਰ ਉਸ ਵਕਤ ਵਾਪਰੀ ਜਦੋਂ ਫੋਕਲ ਪੁਆਇੰਟ ‘ਚ ਕੰਮ ਕਰਦੇ ਸਨਅਤਕਾਰ ਗੁਪਤਾ ਦੇ ਦਫ਼ਤਰ ‘ਚ ਚਾਰ ਹਥਿਆਰਬੰਦ ਲੁਟੇਰੇ ਦਾਖਲ ਹੋਏ।
ਉਸ ਵਕਤ ਦਫ਼ਤਰ ‘ਚ ਸ੍ਰੀ ਗੁਪਤਾ ਦਾ ਮੈਨੇਜਰ ਤੇਜਵੰਤ ਸਿੰਘ ਤੋਂ ਇਲਾਵਾ ਦੋ ਹੋਰ ਵਿਅਕਤੀ ਬੈਠੇ ਸਨ। ਇਨ੍ਹਾਂ ‘ਚੋਂ ਇੱਕ ਵਿਅਕਤੀ ਨਿਰਮਲ ਸਿੰਘ ਤੇਜਵੰਤ ਨੂੰ 7 ਲੱਖ ਰੁਪਏ ਦੀ ਨਕਦੀ ਦੇਣ ਲਈ ਆਇਆ ਸੀ। ਲੁਟੇਰਿਆਂ ਵੱਲੋਂ ਦਫ਼ਤਰ ‘ਚ ਬੈਠੇ ਤੇਜਵੰਤ ਪਾਸੋਂ ਜਦੋਂ ਨਕਦੀ ਦੀ ਮੰਗ ਕੀਤੀ ਗਈ ਤਾਂ ਤੇਜਵੰਤ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ 7 ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।