ਆਪਣੀ ਹੀ ਡਿਊਟੀ ਰਿਵਾਲਵਰ ਤੋਂ ਚੱਲੀ ਗੋਲੀ ਨਾਲ ASI ਜ਼ਖਮੀ

ਮੋਗਾ,(ਸੰਦੀਪ ਸਰਮਾਂ)- ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਖੇ ਕੋਰੋਨਾ ਵਾਇਰਸ ਕਰਕੇ ਡਿਊਟੀ ਤੇ ਤੈਨਾਤ ਥਾਣਾ ਸਿਟੀ ਸਾਉਥ ਦਾ ਸਹਾਇਕ ਥਾਣੇਦਾਰ ਸੁੱਖਪਾਲ ਸਿੰਘ ਆਪਣੇ ਹੀ ਸਰਕਾਰੀ ਰਿਵਾਲਵਰ ਤੋਂ ਚੱਲੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਘਟਨਾ ਦੇ ਸਮੇਂ ਪੁਲਸ ਥਾਣੇਦਾਰ ਹਸਪਤਾਲ ਦੇ ਪਖਾਣੇ ’ਚ ਗਿਆ ਸੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਏ.ਐਸ.ਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਡਿਊਟੀ ਦੌਰਾਨ ਪੇਟ ’ਚ ਤਕਲੀਫ ਮਹਸੂਸ ਹੋਣ ਕਰਕੇ ਉਹ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇੜੇ ਪਖਾਣੇ ’ਚ ਗਿਆ ਤੇ ਬੈਠਣ ਲੱਗੇ ਉਸ ਵਲੋਂ ਆਪਣੀ ਰਿਵਾਲਵਰ ਤੇ ਬੈਲਟ ਉਤਾਰ ਕੇ ਇੱਕ ਪਾਸੇ ਟੰਗੀ ਸੀ ਕਿ ਅਚਾਨਕ ਰਿਵਾਲਵਰ ਬੈਲਟ ’ਚੋਂ ਨਿਕਲ ਕੇ ਡਿੱਗ ਗਈ ਤੇ ਟ੍ਰਿਗਰ ਦੱਬਣ ਕਰਕੇ ਗੋਲੀ ਚੱਲ ਪਈ ਜੋ ਕਿ ਉਸ ਦੀ ਲੱਤ ’ਚ ਜਾ ਲੱਗੀ। ਉਸਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੇਂਸੀ ਵਾਰਡ ’ਚ ਲਿਜਾਇਆ ਗਿਆ। ਉਥੇ ਡਿਉਟੀ ’ਤੇ ਤੈਨਾਤ ਡਾ. ਸੰਜੀਵ ਜੈਨ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਕੇ ਉਸਨੂੰ ਖਤਰੇ ’ਤੋਂ ਬਾਹਰ ਦੱਸਿਆ।