ਮੋਗਾ ‘ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ ‘ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ

ਮੋਗਾ: ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਬੀਤੀ ਦੇਰ ਰਾਤ ਇੱਕ ਵਿਅਕਤੀ ਵੱਲੋਂ ਪੁਲਿਸ ਪਾਰਟੀ ‘ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ ‘ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਜਦਕਿ ਦੋ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਇਸ ਹਮਲੇ ‘ਚ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋ ਗਈ, ਜਦਕਿ ਸੀਆਈਏ ਮੋਗਾ ਦੇ ਇੰਸਪੈਕਟਰ ਤਰਲੋਚਨ ਸਿੰਘ ਤੇ ਹੈੱਡ ਕਾਂਸਟੇਬਲ ਰਿਧਮ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਖੋਸਾ ਪਾਂਡੋ ‘ਚ ਤੂੜੀ ਨੂੰ ਅੱਗ ਲਾਉਣ ਦੇ ਮਾਮੂਲੀ ਝਗੜੇ ਦੀ ਸ਼ਿਕਾਇਤ ‘ਤੇ ਗਈ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਜਿੱਥੇ ਮੁਲਜ਼ਮ ਨੇ ਪੁਲਿਸ ਪਾਰਟੀ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਵਧੇਰੇ ਪੁਲਿਸ ਫੋਰਸ ਭੇਜ ਦਿੱਤੀ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਈਆਂ ਤੇ ਜਵਾਬ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ। ਇਸ ਵਿੱਚ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋ ਗਈ ਤੇ ਸੀਆਈਏ ਸਟਾਫ ਦਾ ਇੰਚਾਰਜ ਤਿਰਲੋਚਨ ਸਿੰਘ ਤੇ ਇੱਕ ਹੋਰ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।

ਪੁਲਿਸ ਨੇ ਇਸ ਘਟਨਾ ਵਿੱਚ ਮੁਲਜ਼ਮ ਗੁਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦਾ ਇਸ ਸਮੇਂ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਤੇ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਮੋਗਾ ਦੇ ਐਸਐਸਪੀ ਹਰਮਨ ਬੀਰ ਸਿੰਘ ਨੇ ਦੱਸਿਆ ਕਿ 35 ਸਾਲਾ ਨੌਜਵਾਨ ਨੇ ਆਪਣੇ ਚਾਚੇ ਦੇ ਤੂੜੀ ਵਾਲੇ ਕਮਰੇ ਵਿਚ ਅੱਗ ਲਾ ਦਿੱਤੀ ਸੀ। ਉਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਆਈ ਤੇ ਪੁਲਿਸ ਉਸ ਦੀ ਪੜਤਾਲ ਕਰਨ ਲਈ ਉਸ ਦੇ ਘਰ ਆਈ ਤਾਂ ਮੁਲਜ਼ਮ ਨੇ ਪੁਲਿਸ ਨਾਲ ਬਦਸਲੂਕੀ ਕੀਤੀ ਤੇ ਉਸ ਤੋਂ ਬਾਅਦ ਥਾਣਾ ਸਦਰ ਦਾ ਐਸਐਚਓ ਉਸ ਨੂੰ ਸਮਝਾਉਣ ਆਏ। ਇਸ ਦੌਰਾਨ ਉਸ ਨੇ ਫੇਰ ਪੁਲਿਸ ਨੂੰ ਅਪਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਐਸਪੀਡੀ ਡੀਐਸਪੀ ਫੋਰਸ ਨਾਲ ਪਹੁੰਚੇ।

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਉਸ ਨਾਲ ਕਾਫੀ ਨਰਮ ਵਤੀਰਾ ਰੱਖਿਆ ਤਾਂ ਜੋ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ, ਪਰ ਇਸ ਵਿੱਚ ਉਸ ਦੇ ਪਿਤਾ ਦੀ ਬੰਦੂਕ ਸੀ ਤੇ ਉਸ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਹੈਡ ਕਾਂਸਟੇਬਲ ਨੂੰ ਲੱਗੀ ਜਿਸ ‘ਚ ਉਸ ਦੀ ਮੌਤ ਹੋ ਗਈ ਤੇ ਸੀਆਈਏ ਸਟਾਫ ਦਾ ਇੰਚਾਰਜ ਤੇ ਇੱਕ ਦੂਜੇ ਕਾਂਸਟੇਬਲ ਜ਼ਖਮੀ ਹੋਏ, ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਵਿੱਚ ਦਾਖਲ ਕਰਵਾਇਆ ਗਿਆ ਹੈ।

ਉਧਰ ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਦਾ ਵਿਆਹ ਨਹੀਂ ਹੋਇਆ ਹੈ। ਉਹ ਅਕਸਰ ਘਰ ਵਿੱਚ ਲੜਾਈ ਕਰਦਾ ਸੀ। ਕੱਲ੍ਹ ਉਸ ਨੇ ਘਰ ਵਿਚ ਝਗੜਾ ਕਰ ਆਪਣੀਆਂ ਦੋਵੇਂ ਭੈਣਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਇਹ ਨੌਜਵਾਨ ਆਪਣੀ ਮਾਂ ਦਾ ਸਹਾਰਾ ਲੈ ਕੇ ਮੌਕੇ ਤੋਂ ਭੱਜ ਗਿਆ ਸੀ। ਇਸ ਦੌਰਾਨ ਉਸ ਦੀ ਗੱਡੀ ਦਾ ਹਾਦਸਾ ਹੋ ਗਿਆ ਤੇ ਜ਼ਖਮੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚੋਂ ਕਾਬੂ ਕੀਤਾ ਗਿਆ ਹੈ।

ਮੁਲਜ਼ਮ ਦੀ ਭੈਣ ਚਰਨਜੀਤ ਕੌਰ ਨੇ ਦੱਸਿਆ ਕਿ ਸਾਡਾ ਭਰਾ ਅਕਸਰ ਘਰ ਵਿੱਚ ਝਗੜਾ ਕਰਦਾ ਸੀ ਤੇ ਕੱਲ੍ਹ ਵੀ ਉਸ ਦਾ ਝਗੜਾ ਹੋਇਆ ਸੀ ਤੇ ਮੁਲਜ਼ਮ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਸਾਨੂੰ ਅੱਜ ਸਵੇਰੇ ਇੱਥੇ ਪੁਲਿਸ ਬੁਲਾਇਆ, ਜਦੋਂ ਅਸੀਂ ਇੱਥੇ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਦੱਸਿਆ ਕਿ ਉਹ ਸਾਡੀ ਮਾਂ ਨੂੰ ਵੀ ਨਾਲ ਲੈ ਗਿਆ ਜਿਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ। ਹੁਣ ਮੁਲਜ਼ਮ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ। ਪੁਲਿਸ ਨੇ ਉਸ ‘ਤੇ ਹਮਲਾ ਕੀਤਾ।