ਕਣਕ ਦੀਆਂ ਬੋਰੀਆਂ ਦੀ ਚੁਕਾਈ ਨੂੰ ਲੈ ਕੇ ਮਜ਼ਦੂਰਾਂ ‘ਚ ਰੋਸ

ਕੋਟਕਪੂਰਾ 17 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਸਥਾਨਕ ਗੱਲ੍ਹਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੁਕੰਦ ਸਿੰਘ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਨੇ ਰੋਸ ਕਰਦਿਆਂ ਐਲਾਨ ਕੀਤਾ ਕਿ ਜੇਕਰ ਆਉਂਦੇ ਦਿਨਾਂ ‘ਚ ਵਿਕ ਚੁੱਕੀ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਈ ਤਾਂ ਉਹ ਮਜ਼ਬੂਰਨ ਬਠਿੰਡਾ ਤਿੰਨਕੋਨੀ ‘ਤੇ ਰੋਸ ਪ੍ਰਦਰਸ਼ਨ ਕਰਨਗੇ। ਮੰਡੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ 15 ਅਪ੍ਰੈਲ ਤੋਂ ਲਗਾਤਾਰ ਕੰਮ ਕਰ ਰਹੇ ਸਨ ਅਤੇ 28 ਅਪ੍ਰੈੈਲ ਤੱਕ ਮੰਡੀ ‘ਚ ਕਣਕ ਦੀ ਭਰਾਈ ਦਾ ਸਾਰਾ ਕੰਮ ਮੁਕੰਮਲ ਕਰ ਲਿਆ ਸੀ। ਉਪਰੰਤ ਉਹ 20 ਦਿਨਾਂ ਤੋਂ ਮੰਡੀ ‘ਚ ਭਰੀਆਂ ਬੋਰੀਆਂ ਦੀ ਚੁਕਾਈ ਹੋਣ ਨੂੰ ਉਡੀਕ ਰਹੇ ਹਨ। ਮੰਡੀ ‘ਚ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਦਾ ਕਰੀਬ ਇਕ ਲੱਖ ਗੱਟਾ ਪਿਆ ਹੈ।
ਮੰਡੀ ਮਜ਼ਦੂਰਾਂ ਨੇ ਦੱਸਿਆ ਕਿ ਮੰਡੀ ‘ਚ ਚੋਰੀ ਹੋਣ ਦੇ ਡਰੋਂ ਇਨ੍ਹਾਂ ਦੀ ਰਾਤ ਸਮੇਂ ਰਾਖੀ ਕਰਨੀ ਪੈਂਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਬਿੱਟੂ, ਕ੍ਰਿਸ਼ਨ ਸਿੰਘ ਬੱਬੂ, ਵਾਈਸ ਪ੍ਰਧਾਨ ਰਾਣਾ ਸਿੰਘ, ਸੇਵਕ ਸਿੰਘ ਜਿਊਣ ਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਬੋਰੀਆਂ ਦੀਆਂ ਵਾਰ-ਵਾਰ ਧਾਂਗਾ ਲਾਉਣੀਆਂ ਪੈ ਰਹੀਆਂ ਹਨ। ਕਈ ਵਾਰ ਮੀਂਹ ਪੈਣ ਕਾਰਨ ਕਣਕ ਵੀ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਵੇਖਿਆ ਕਿ ਗਿੱਲੀਆਂ ਹੋਈਆਂ ਕੁਝ ਬੋਰੀਆਂ ‘ਚ ਕਣਕ ਖ਼ਰਾਬ ਹੋ ਚੁੱਕੀ ਸੀ ਅਤੇ ਉਹ ਮੋਟੇ-ਮੋਟੇ ਡਲਿਆਂ ਦੇ ਰੂਪ ‘ਚ ਤਬਦੀਲ ਹੋ ਚੁੱਕੀ ਸੀ। ਬੁਲਾਰਿਆਂ ਨੇ ਕਿਹਾ ਕਿ ਇਹ ਕਟੌਤੀ ਵੀ ਮੰਡੀ ਦੇ ਚੌਧਰੀਆਂ ਨੂੰ ਪੈ ਰਹੀ ਹੈ। ਮੀਂਹ ‘ਚ ਭਿੱਜੇ ਗੱਟਿਆਂ ਨੂੰ ਵਾਰ-ਵਾਰ ਖੋਲ੍ਹ ਕੇ ਬਾਹਰ ਢੇਰੀ ਕਰਨ ਅਤੇ ਧਾਂਗਾ ਲਾਉਣ ਦਾ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਮੰਡੀ ‘ਚ ਕੰਮ ਕਰਦੇ ਕਰੀਬ 300 ਮਜ਼ਦੂਰ ਬੇਚੈਨੀ ਦੇ ਆਲਮ ‘ਚ ਹਨ। ਕਈ ਤਾਂ ਨਿਰਾਸ਼ ਹੋ ਕੇ ਆਪਣੇ ਘਰੀਂ ਚਲੇ ਗਏ ਹਨ। ਬੁਲਾਰਿਆਂ ਨੇ ਕਿਹਾ ਕਿ ਜਦੋਂ ਉਹ ਚੁਕਾਈ ਦੇ ਮਸਲੇ ‘ਤੇ ਠੇਕੇਦਾਰ ਨਾਲ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਵਲੋਂ ਇਹੀ ਕਿਹਾ ਜਾਂਦਾ ਹੈ ਕਿ ਐਫ.ਸੀ.ਆਈ ਕੋਲ ਬੋਰੀਆਂ ਲਾਉਣ ਲਈ ਜਗ੍ਹਾ ਨਹੀਂ ਹੈ। ਜਗ੍ਹਾ ਮਿਲਣ ‘ਤੇ ਚੁਕਾਈ ਕੀਤੀ ਜਾਵੇਗੀ। ਇਸ ਮੌਕੇ ਸੁਰਿੰਦਰ ਸਿੰਘ, ਸਰਬਜੀਤ ਸਿੰਘ, ਕਾਲਾ ਸਿੰਘ, ਸ਼ੰਭੂ ਸਿੰਘ, ਗੁਰਾ ਸਿੰਘ, ਕ੍ਰਿਸ਼ਨ ਸਿੰਘ ਲੱਡੂ, ਬਲਜੀਤ ਸਿੰਘ, ਜਗਤਾਰ ਸਿੰਘ ਸਮੇਤ ਹੋਰ ਵੀ ਮੰਡੀ ਮਜ਼ਦੂਰ ਹਾਜ਼ਰ ਸਨ।