ਕਤਲ ਕੀਤੇ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ

ਕੋਟਕਪੂਰਾ, 9 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਨੇੜਲੇ ਪਿੰਡ ਢੁੱਡੀ ਵਿਖੇ ਕਤਲ ਕੀਤੇ ਗਏ ਨੌਜਵਾਨ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਉਸਦੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਪਹਿਲਾਂ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾਵੇ, ਫਿਰ ਮਿ੍ਰਤਕ ਦਾ ਸਸਕਾਰ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸਦਰ ਥਾਣਾ ਫਰੀਦਕੋਟ ਦੀ ਪੁਲਿਸ ਨੇ ਨੇੜਲੇ ਪਿੰਡ ਢੁੱਡੀ ਦੀ ਵਸਨੀਕ ਪਰਮਜੀਤ ਕੌਰ ਪਤਨੀ ਛਿੰਦਾ ਸਿੰਘ ਦੇ ਬਿਆਨਾ ਦੇ ਆਧਾਰ ’ਤੇ ਉਸਦੇ 26 ਸਾਲਾ ਨੌਜਵਾਨ ਪੁੱਤਰ ਸੁਖਦੇਵ ਸਿੰਘ ਖੁਸ਼ੀ ਦੇ ਕਤਲ ਦੇ ਦੋਸ਼ ’ਚ ਉਨਾਂ ਦੇ ਗੁਆਂਢੀਆਂ ਬੰਤ ਸਿੰਘ, ਗੁਰਜੰਟ ਸਿੰਘ ਜੰਟਾ, ਨਿਰਮਲ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਬਿੱਲਾ ਅਤੇ ਜੱਸਾ ਸਿੰਘ ਖਿਲਾਫ ਆਈਪੀਸੀ ਦੀ ਧਾਰਾ 302/148/149 ਤਹਿਤ ਮਾਮਲਾ ਦਰਜ ਕੀਤਾ ਸੀ। ਮਿ੍ਰਤਕ ਦੀ ਮਾਤਾ ਨੇ ਦੋਸ਼ ਲਾਇਆ ਸੀ ਕਿ ਉਨਾਂ ਦਾ ਗੁਆਂਢੀਆਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ। ਉਕਤ ਵਿਵਾਦ ਦੇ ਚੱਲਦਿਆਂ ਬੀਤੀ ਦੇਰ ਰਾਤ ਕਰੀਬ 9 ਵਜੇ 5 ਹਮਲਾਵਰਾਂ ਨੇ ਉਸਦੇ ਪੁੱਤਰ ਨੂੰ ਜਾਨੋ ਮਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਤਫਤੀਸ਼ੀ ਅਫਸਰ ਐੱਸਐੱਚਓ ਜੋਗਿੰਦਰ ਸਿੰਘ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤਾਨ ਖਿਲਾਫ ਮਾਮਲਾ ਦਰਜ ਕਰਕੇ ਜਗਜੀਤ ਸਿੰਘ ਜੱਗੀ ਨੂੰ ਕਾਬੂ ਕਰ ਲਿਆ ਹੈ। ਉਨਾ ਮੰਨਿਆ ਕਿ ਮਿ੍ਰਤਕ ਦੇ ਵਾਰਸਾਂ ਨੇ ਦੋਸ਼ੀਆਂ ਦੀ ਗਿ੍ਰਫਤਾਰੀ ਤੱਕ ਅੰਤਿਮ ਸਸਕਾਰ ਕਰਨ ਤੋਂ ਮਨਾ ਕੀਤਾ ਹੈ ਪਰ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਪੁਲਿਸ ਵਲੋਂ ਯਤਨ ਜਾਰੀ ਹਨ।