ਕਰਫੀਊ ’ਚ ਢਿੱਲ ਦੌਰਾਨ ਪੁਲਿਸ ਦੀ ਸਖਤੀ ਰਹੀ ਬਰਕਰਾਰ, ਕਈਆਂ ਦੀ ਆਈ ਸ਼ਾਮਤ

ਕੋਟਕਪੂਰਾ, (ਅਰਸ਼ਦੀਪ ਸਿੰਘ ਅਰਸ਼ੀ) : ਜਦੋਂ ਤੋਂ ਲਾਕਡਾਉਨ/ਕਰਫਿਊ ਲੱਗਿਆ ਹੈ ਪਹਿਲੇ ਹਫਤੇ ਬਾਜ਼ਾਰਾਂ ਵਿਚ ਕਰਿਆਨੇ ਦੀਆਂ ਦੁਕਾਨਾਂ ’ਤੇ ਭੀੜ ਮੰਡਰਾਉਂਦੀ ਸੀ, ਦੂਜੇ ਅਤੇ ਤੀਜੇ ਹਫਤੇ ਇਹ ਭੀੜ ਘੱਟਦੀ ਗਈ ਪਰ ਅੱਜ ਦੀ ਇਹ ਹਾਲਤ ਸੀ ਕਿ ਦੁਕਾਨਦਾਰਾਂ ਨੇ ਡੀ.ਸੀ. ਫ਼ਰੀਦਕੋਟ ਦੇ ਸਡਿਊਲ ਹੁਕਮਾਂ ਅਨੁਸਾਰ ਕਰਿਆਨੇ ਦੀਆਂ ਦੁਕਾਨਾਂ ਸਵੇਰੇ 9 ਵਜੇ ਖੁੱਲੀਆਂ ਪਰ ਦੁਕਾਨਦਾਰ ਦੁਕਾਨਾਂ ਅੱਗੇ ਖੜ੍ਹੇ ਗ੍ਰਾਹਕਾਂ ਦਾ ਇੰਤਜਾਰ ਕਰਦੇ ਰਹੇ। ਦੁਕਾਨਦਾਰਾਂ ਨੇ ਦੱਸਿਆ ਕਿ ਜੋ ਇਕਾ ਦੱੁਕਾ ਗ੍ਰਾਹਕ ਆਉਂਦਾ ਹੈ, ਉਹ ਹਲਦੀ, ਮਿਰਚ ਜਾਂ ਮਸਾਲਾ ਆਦਿ ਲੈ ਕੇ ਜਾਂਦਾ ਹੈ, ਕਿਉਂਕਿ ਸਰਕਾਰ ਅਤੇ ਸ਼ੋਸ਼ਲ ਸੰਸਥਾਵਾਂ ਵੱਲੋਂ ਸ਼ਹਿਰ ਵਿਚ 18-20 ਹਜ਼ਾਰ ਪਰਿਵਾਰਾਂ ਨੂੰ ਕਰਿਆਨਾ, ਰਾਸ਼ਨ ਦੀਆਂ ਕਿੱਟਾਂ ਵੰਡ ਦਿੱਤੀਆਂ ਗਈਆਂ ਹਨ, ਜਿਸ ਕਾਰਨ ਆਟਾ, ਦਾਲ, ਘਿਉ, ਤੇਲ, ਖੰਡ, ਚਾਹ, ਜਰੂਰੀ ਵਸਤੂਆਂ ਦੀ ਸੇਲ ਬਿਲਕੱੁਲ ਹੀ ਨਹੀਂ ਰਹੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਮਜਬੂਰਨ ਪੁਰਾਣੇ ਗ੍ਰਾਹਕਾਂ ਨੂੰ ਵੇਖਦਿਆਂ ਰਾਸ਼ਨ ਦੀ ਸਪਲਾਈ ਘਰ-ਘਰ ਜਾ ਕੇ ਕਰਨੀ ਪੈਂਦੀ ਹੈ, ਦੂਜੇ ਪਾਸੇ ਸਵੇਰੇ 6 ਵਜੇ ਤੋਂ ਹੀ ਮਨਿਆਰੀ, ਬਰਤਨ, ਕੱਪੜਾ, ਜਨਰਲ ਸਟੋਰ ਆਦਿ ਦੀਆਂ ਦੁਕਾਨਾਂ ਬੰਦ ਦੇਖੀਆਂ ਗਈਆਂ। ਕਿਉਂਕਿ ਪੁਲਿਸ ਦੀਆਂ 3 ਗੱਡੀਆਂ ਲਗਾਤਾਰ ਬਾਜ਼ਾਰ ’ਚ ਘੁੰਮਦੀਆਂ ਰਹੀਆਂ। ਪੁਲਿਸ ਵੱਲੋਂ ਵੱਡੇ ਪੱਧਰ ’ਤੇ ਬਿਨ੍ਹਾਂ ਮਤਲਬ ਤੋਂ ਬਾਜ਼ਾਰਾਂ ’ਚ ਮਟਰ ਗਸ਼ਤੀ ਕਰਦੇ ਆਵਾਰਾ ਲੜਕਿਆਂ ਨੂੰ ਸਖਤੀ ਨਾਲ ਤਾੜਨਾ ਕੀਤੀ ਤਾਂ ਆਵਾਜਾਈ ਘੱਟ ਗਈ ਅਤੇ ਕਈਆਂ ਦੇ ਮੋਟਰਸਾਈਕਲ ਜਬਤ ਵੀ ਕੀਤੇ ਗਏ। ਇਸੇ ਤਰ੍ਹਾਂ ਐਸ.ਆਈ ਹਰਪ੍ਰੀਤ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਅੱਜ ਵੀ ਪੂਰੀ ਸਰਗਰਮੀ ਨਾਲ ਸਾਰੇ ਬਜਾਰਾਂ ਅਤੇ ਗਲੀ-ਮੁਹੱਲਿਆਂ ’ਚ ਗਸ਼ਤ ਜਾਰੀ ਰੱਖੀ।