ਕੋਟਕਪੂਰਾ ਇਲਾਕੇ ‘ਚ ਆਏ ਤੇਜ਼ ਝੱਖੜ ਨੇ ਕਈ ਦਰੱਖ਼ਤ ਤੋੜੇ

ਕੋਟਕਪੂਰਾ, 3 ਮਈ (ਗੁਰਿੰਦਰ ਸਿੰਘ)-ਅੱਜ ਸ਼ਾਮ ਨੂੰ ਇਸ ਇਲਾਕੇ ‘ਚ ਆਏ ਤੇਜ਼ ਝੱਖੜ ਅਤੇ ਮੀਂਹ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਝੱਖੜ ਦੇ ਨਾਲ ਆਏ ਤੇਜ਼ ਮੀਂਹ ਨੇ ਭਾਵੇਂ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਪਰ ਕਈ ਥਾਈਂ ਲੱਗੇ ਫ਼ਲੈਕਸ ਬੋਰਡ ਅਤੇ ਕਈ ਦਰੱਖ਼ਤ ਤੋੜ ਦਿੱਤੇ। ਕਣਕ ਦੀ ਕਟਾਈ ਹੋ ਜਾਣ ਕਾਰਨ ਇਸ ਫ਼ਸਲ ਦਾ ਭਾਵੇਂ ਨੁਕਸਾਨ ਨਹੀਂ ਹੋਇਆ, ਪਰ ਸਥਾਨਕ ਸ਼ਹਿਰ ਸਮੇਤ ਪੇਂਡੂ ਮੰਡੀਆਂ ‘ਚ ਭਰੀਆਂ ਪਈਆਂ ਕਣਕ ਦੀਆਂ ਬੋਰੀਆਂ ਮੀਂਹ ਕਾਰਨ ਭਿੱਜ ਗਈਆਂ। ਕੋਟਕਪੂਰਾ-ਜੈਤੋ ਮੁੱਖ ਮਾਰਗ ‘ਤੇ ਦਰੱਖ਼ਤ ਟੁੱਟ ਕੇ ਸੜਕ ਦੇ ਵਿਚਕਾਰ ਆ ਜਾਣ ਕਾਰਨ ਆਵਾਜਾਈ ‘ਚ ਵਿਘਨ ਪਿਆ। ਸੜਕ ਵਿਚਕਾਰ ਡਿੱਗੇ ਦਰੱਖ਼ਤਾਂ ਨੂੰ ਲੋਕਾਂ ਨੇ ਆਵਾਜਾਈ ਲਈ ਪਾਸੇ ਕੀਤਾ। ਲਗਾਤਾਰ ਆਈ ਤੇਜ਼ ਬਾਰਸ਼ ਕਾਰਨ ਮੌਸਮ ਕਾਫ਼ੀ ਖ਼ੁਸ਼ਗਵਾਰ ਬਣ ਗਿਆ।