ਕੰਟੋਨਮੈਂਟ ਜ਼ੋਨ ਨੂੰ ਸਧਾਰਨ ਜ਼ੋਨ ’ਚ ਨਾ ਬਦਲਣ ’ਤੇ ਮੁਹੱਲਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਐਸਡੀਐਮ ਦੀ ਚਿਤਾਵਨੀ ਅਤੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀ ਹੋਏ ਸ਼ਾਂਤ!

ਕੋਟਕਪੂਰਾ, (ਗੁਰਿੰਦਰ ਸਿੰਘ) :- ਰੇਲਵੇ ਲਾਈਨੋਂ ਪਾਰ ਮੁਹੱਲਾ ਸੁਰਗਾਪੁਰੀ ਦੇ ਕਾਫੀ ਹਿੱਸੇ ਨੂੰ ਕੰਟੋਨਮੈਂਟ ਜ਼ੋਨ ਐਲਾਨਣ ਦੇ ਦੂਜੇ ਦਿਨ ਹੀ ਮੁਹੱਲਾ ਵਾਸੀਆਂ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਉਨਾਂ ਪ੍ਰਸ਼ਾਸ਼ਨ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਆਖਿਆ ਕਿ ਸਾਨੂੰ ਬਿਨਾਂ ਕਸੂਰੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਉਂਕਿ ਕੋਰੋਨਾ ਪੀੜਤ ਮਰੀਜਾਂ ਨਾਲ ਉਨਾਂ ਦਾ ਕੋਈ ਸਬੰਧ ਨਹੀਂ, ਮੁਹੱਲੇ ’ਚ ਹੋਰ ਕਿਸੇ ਦੀ ਨਾ ਤਾਂ ਪਾਜ਼ੇਟਿਵ ਰਿਪੋਰਟ ਆਈ ਹੈ ਤੇ ਨਾ ਹੀ ਕੋਈ ਰਿਪੋਰਟ ਆਉਣੀ ਬਾਕੀ ਹੈ।
ਮੁਹੱਲਾ ਵਾਸੀਆਂ ਨੇ ਮੌਕੇ ’ਤੇ ਪੁੱਜੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਵਪਾਰ ਦਾ ਨੁਕਸਾਨ, ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਨੂੰ ਮਿਲ ਰਿਹੈ ਜਵਾਬ, ਤਾਜਾ ਮਜਦੂਰੀ ਕਰਕੇ ਘਰ ਦਾ ਗੁਜਾਰਾ ਚਲਾਉਣ ਵਾਲੇ ਹੋਏ ਬੇਵੱਸ, ਮੁਹੱਲੇ ’ਚ ਨਹੀਂ ਹੋ ਰਹੀ ਜਰੂਰੀ ਵਸਤਾਂ ਦੀ ਸਪਲਾਈ। ਪਤਾ ਲੱਗਣ ’ਤੇ ਮੌਕੇ ’ਤੇ ਪੁੱਜੇ ਮੇਜਰ ਅਮਿਤ ਸਰੀਨ ਐਸਡੀਐਮ ਕੋਟਕਪੂਰਾ ਨੇ ਚਿਤਾਵਨੀ ਦਿੱਤੀ ਕਿ ਸਥਾਨਕ ਸ਼ਹਿਰ ’ਚ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਪ੍ਰਸ਼ਾਸ਼ਨ ਸਖ਼ਤੀ ਨਾਲ ਪੇਸ਼ ਆਵੇਗਾ, ਕੰਟੋਨਮੈਂਟ ਜ਼ੋਨ ’ਚ ਪ੍ਰਸ਼ਾਸ਼ਨ ਦੇ ਕੰਮਕਾਜ ’ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣਗੇ।
ਐਸਡੀਐਮ ਦੀ ਟੀਮ ’ਚ ਬਲਕਾਰ ਸਿੰਘ ਸੰਧੂ ਡੀਐਸਪੀ, ਰਜਿੰਦਰ ਸਿੰਘ ਸਰਾਂ ਤਹਿਸੀਲਦਾਰ, ਡਾ ਪੰਕਜ ਬਾਂਸਲ ਸਮੇਤ ਹੋਰ ਵੀ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ। ਮੇਜਰ ਅਮਿਤ ਸਰੀਨ ਨੇ ਮੁਹੱਲਾ ਵਾਸੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਐਲਾਨੇ ਗਏ ਕੰਟੋਨਮੈਂਟ ਜ਼ੋਨ ਦਾ ਮੁਹੱਲਾ ਵਾਸੀ ਵੱਧ ਤੋਂ ਵੱਧ ਸਹਿਯੋਗ ਦੇਣ ਪਰ ਪਹਿਲਾਂ ਸਾਰੇ ਮੁਹੱਲੇ ਦੇ ਸੈਂਪਲ ਲਏ ਜਾਣਗੇ, ਜਦੋਂ ਵੀ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹਨਾਂ ਨੂੰ ਆਪਣੇ-ਆਪਣੇ ਕੰਮਾਂ ਕਾਰਾਂ ’ਤੇ ਜਾਣ ਦੀ ਇਜਾਜਤ ਦੇ ਦਿੱਤੀ ਜਾਵੇਗੀ। ਲੋਕਾਂ ਦੀ ਮੰਗ ’ਤੇ ਮੇਜਰ ਅਮਿਤ ਸਰੀਨ ਨੇ ਇਸ ਇਲਾਕੇ ’ਚ ‘ਕੋਰੋਨਾ’ ਦੀ ਸੈਪਲਿੰਗ ਪਹਿਲਾਂ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ।