ਖੇਤ ’ਚ ਕੰਮ ਕਰਦੇ ਸਮੇਂ ਸੱਪ ਡੱਸਣ ਕਾਰਨ ਨੌਜਵਾਨ ਦੀ ਮੌਤ

ਕੋਟਕਪੂਰਾ, 12 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਨੇੜਲੇ ਪਿੰਡ ਡੱਗੋਰੋਮਾਣਾ ’ਚ ਉਸ ਸਮੇਂ ਮਾਤਮ ਦਾ ਮਾਹੌਲ ਛਾ ਗਿਆ, ਜਦੋਂ ਮਾਪਿਆਂ ਦੇ ਇਕਲੌਤੇ ਪੁੱਤਰ ਹੋਣਹਾਰ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੁਪਿੰਦਰ ਸਿੰਘ ਆਪਣੇ ਖੇਤਾਂ ’ਚ ਟਰੈਕਟਰ ਨਾਲ ਹਲ ਚਲਾ ਰਿਹਾ ਸੀ ਤਾਂ ਝੋਨੇ ਦੀ ਪਨੀਰੀ ਨੂੰ ਪਾਣੀ ਛੱਡਣ ਸਮੇਂ ਉਸਦੇ ਸੱਪ ਨੇ ਡੰਗ ਮਾਰ ਦਿੱਤਾ, ਜਦ ਰੁਪਿੰਦਰ ਨੂੰ ਘਬਰਾਹਟ ਮਹਿਸੂਸ ਹੋਣ ਲੱਗੀ ਤਾਂ ਉਸ ਨੇ ਤੁਰਤ ਆਪਣੇ ਘਰ ਫੋਨ ਕਰਕੇ ਦੱਸਿਆ ਕਿ ਉਸ ਨੂੰ ਕੋਈ ਸਰੀਰਕ ਸਮੱਸਿਆ ਹੋ ਗਈ ਹੈ। ਸੁਨੇਹਾ ਮਿਲਦੇ ਸਾਰ ਰੁਪਿੰਦਰ ਨੂੰ ਉਸ ਦੇ ਘਰ ਵਾਲਿਆਂ ਨੇ ਤੁਰਤ ਫਰੀਦਕੋਟ ਵਿਖੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਨਾ ਹੋ ਸਕੀਆਂ ਅਤੇ ਰੁਪਿੰਦਰ ਜਿੰਦਗੀ ਦੀ ਲੜਾਈ ਮੌਤ ਅੱਗੇ ਹਾਰ ਗਿਆ। ਡਾਕਟਰਾਂ ਨੇ ਵੀ ਮੌਤ ਦਾ ਕਾਰਨ ਕਿਸੇ ਜਹਿਰੀਲੇ ਜੀਵ ਵਲੋਂ ਕੱਟਣਾ ਹੀ ਦੱਸਿਆ ਹੈ। ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਰੁਪਿੰਦਰ ਸਿਰਫ਼ 32 ਸਾਲਾਂ ਦੀ ਉਮਰ ’ਚ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਰੋਂਦੇ ਕਰਲਾਉਂਦੇ ਛੱਡ ਗਿਆ। ਪੂਰੇ ਇਲਾਕੇ ’ਚ ਮਿਲਾਪੜੇ ਸੁਭਾਅ ਦੇ ਇਸ ਨੌਜਵਾਨ ਦੀ ਹੋਈ ਬੇਵਕਤੀ ਮੌਤ ਕਾਰਨ ਸੋਗ ਦੀ ਲਹਿਰ ਦੌੜ ਗਈ।