ਗਰਭਵਤੀ ਔਰਤ ਦੀ ਸਿਵਲ ਹਸਪਤਾਲ ‘ਚ ਮੌਤ, ਸਟਾਫ਼ ਤੇ ਲੱਗੇ ਲਾਪਰਵਾਹੀ ਦੇ ਦੋਸ਼

ਸ੍ਰੀ ਮੁਕਤਸਰ ਸਾਹਿਬ,(ਤੇਜਿੰਦਰ ਧੂੜੀਆ, ਸੁਖਵੰਤ ਸਿੰਘ) :ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਕਿਸ਼ਨਪੁਰਾ ਬਸਤੀ ਨਿਵਾਸੀ ਪੰਜ ਮਹੀਨਿਆਂ ਦੀ ਗਰਭਵਤੀ ਔਰਤ ਦੀ ਐਤਵਾਰ ਦੁਪਹਿਰ ਵੇਲੇ ਸਿਵਲ ਹਸਪਤਾਲ ‘ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ‘ਤੇ ਸਿਹਤ ਵਿਭਾਗ ਦੇ ਸਟਾਫ਼ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਆਖਿਆ ਕਿ ਸਿਹਤ ਵਿਭਾਗ ਵੱਲੋਂ ਇਲਾਜ ਸਹੀ ਢੰਗ ਨਾਲ ਨਾ ਕਰਨ ਕਰਕੇ ਔਰਤ ਦੀ ਮੌਤ ਹੋਈ ਹੈ। ਸਿਵਲ ਹਸਪਤਾਲ ‘ਚ ਮਿ੍ਰਤਕ ਰਜਨੀ (28) ਦੇ ਪਤੀ ਪ੍ਰਭਦਿਆਲ ਨੇ ਦੱਸਿਆ ਕਿ ਉਸਦੀ ਪਤਨੀ ਦੇ ਪੇਟ ‘ਚ ਪੰਜ ਮਹੀਨਿਆਂ ਦਾ ਬੱਚਾ ਪਲ਼ ਰਿਹਾ ਸੀ। ਉਸਨੇ ਦੱਸਿਆ ਕਿ ਖੂਨ ਦੀ ਘਾਟ ਦੇ ਚਲਦਿਆਂ ਬੁੱਧਵਾਰ ਤੇ ਵੀਰਵਾਰ ਨੂੰ ਉਸਦੇ ਖ਼ੂਨ ਚੜ੍ਹਾਇਆ ਗਿਆ ਸੀ ਪਰ ਸ਼ਨੀਵਾਰ ਨੂੰ ਉਸਦੀ ਬਾਂਹ ਤੇ ਸਿਰ ‘ਚ ਦਰਦ ਹੋਣ ਕਰਕੇ ਹਸਪਤਾਲ ‘ਚ ਚੈੱਕ ਕਰਵਾਉਣ ਲਈ ਲੈ ਕੇ ਆਏ। ਹਸਪਤਾਲ ‘ਚ ਡਾਕਟਰਾਂ ਨੇ ਉਸਨੂੰ ਦਾਖਲ ਕਰ ਲਿਆ। ਉਸਨੇ ਦੱਸਿਆ ਕਿ ਡਾਕਟਰਾਂ ਨੇ ਰਜਨੀ ਦੇ ਟੀਕਾ ਲਗਾਇਆ ਸੀ ਤੇ ਇਹ ਕਿਹਾ ਕਿ ਕੁਝ ਸਮੇਂ ਬਾਅਦ ਦਰਦ ਘੱਟ ਜਾਵੇਗਾ ਪਰ ਦਰਦ ਨਹੀਂ ਘਟਿਆ ਤੇ ਰਜਨੀ ਨੂੰ ਹੋਰ ਦਰਦ ਮਹਿਸੂਸ ਹੋਣ ਲੱਗਾ। ਇਸ ਦੌਰਾਨ ਉਸਦੇ ਵਾਰ-ਵਾਰ ਕਹਿਣ ਤੇ ਵੀ ਮੌਜੂਦਾ ਸਟਾਫ਼ ਨੇ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਉਸਦੀ ਪਤਨੀ ਰਾਤ ਭਰ ਦਰਦ ਨਾਲ ਤੜਫ਼ਦੀ ਰਹੀ। ਦਰਦ ਨਾ ਸਹਿੰਦੇ ਹੋਏ ਉਸਦੀ ਐਤਵਾਰ ਦੁਪਹਿਰ ਕਰੀਬ 12 ਵਜੇ੍ਹ ਮੌਤ ਹੋ ਗਈ। ਉਸਨੇ ਭਰੇ ਮਨ ਨਾਲ ਕਿਹਾ ਕਿ ਉਸਦੀ ਪਤਨੀ ਦੀ ਮੌਤ ਸਿਹਤ ਵਿਭਾਗ ਦੇ ਸਟਾਫ ਦੀ ਕਥਿਤ ਲਾਪਰਵਾਹੀ ਕਰਕੇ ਹੋਈ ਹੈ। ਪਰਿਵਾਰ ਵੱਲੋਂ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆ ਕੇ ਇਨਸਾਫ਼ ਦੁਆਇਆ ਜਾਵੇ।
ਓਧਰ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤੀਸ਼ ਗੋਇਲ ਨੇ ਕਿਹਾ ਕਿ ਉਕਤ ਪਰਿਵਾਰ ਪਹਿਲਾਂ ਵੀ ਹਸਪਤਾਲ ਆਇਆ ਸੀ ਤੇ ਚੈੱਕਅਪ ਦੌਰਾਨ ਮਰੀਜ਼ ‘ਚ ਖੂਨ ਦੀ ਕਮੀ ਪਾਈ ਗਈ ਸੀ। ਹਸਪਤਾਲ ‘ਚ ਮਰੀਜ਼ ਦੇ ਬਲੱਡ ਲਗਾ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ। ਜੋ ਕਿ ਸ਼ਨੀਵਾਰ ਫਿਰ ਹਸਪਤਾਲ ‘ਚ ਦਾਖਲ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਪੜਤਾਲ ਕਰਵਾਉਗੇ ਤੇ ਜੇਕਰ ਵਿਭਾਗ ਦੇ ਕਿਸੇ ਕਰਮਚਾਰੀ ਦੀ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਉਸ ਖਿਲਾਫ਼ ਕਾਰਵਾਈ ਲਈ ਵਿਭਾਗ ਨੂੰ ਲਿਖਕੇ ਭੇਜਿਆ ਜਾਵੇਗਾ।