ਗੁਰਦਾਸ ਸਿੰਘ ਬਾਦਲ ਜੀ ਦੇ ਫੁੱਲਾਂ ਦੀ ਰਸਮ ਹੋਈ, ਯਾਦ ਵਿਚ ਲਗਾਈ ਟਾਹਲੀ

ਸ੍ਰੀ ਮੁਕਤਸਰ ਸਾਹਿਬ, 17 ਮਈ (ਸੁਖਵੰਤ ਸਿੰਘ) ਸਾਬਕਾ ਸਾਂਸਦ ਸ: ਗੁਰਦਾਸ ਸਿੰਘ ਬਾਦਲ ਜੀ ਜੋ ਪਿੱਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਫੁੱਲਾਂ ਦੀ ਰਸਮ ਉਨਾਂ ਦੇ ਜੱਦੀ ਪਿੰਡ ਬਾਦਲ ਵਿਚ ਪਰਿਵਾਰਕ ਮੈਂਬਰਾਂ ਵੱਲੋਂ ਨਿਭਾਈ ਗਈ। ਇਸ ਮੌਕੇ ਉਨਾਂ ਦੇ ਬੇਟੇ ਅਤੇ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ‘ਦਾਸ ਜੀ’ ਦੀ ਸ਼ਾਨਦਾਰ ਵਿਰਾਸਤ ਸਾਡੀਆਂ ਅਗਲੀਆਂ ਪੀੜੀਆਂ ਦੀ ਰਾਹ ਦਸੇਰਾ ਬਣੀ ਰਹੇਗੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵੀ ਹਾਜਰ ਸਨ।
ਫੁੱਲਾਂ ਦੀ ਰਸਮ ਤੋਂ ਬਾਅਦ ਫੁੱਲਾਂ ਨੂੰ ਜਲ ਪ੍ਰਵਾਹ ਨਾ ਕਰਦਿਆਂ ਪਰਿਵਾਰ ਵੱਲੋਂ ਆਪਣੇ ਫਾਰਮ ਤੇ ਹੀ ਇੰਨਾਂ ਨੂੰ ਦਬਾਅ ਦਿੱਤਾ ਗਿਆ। ਸ: ਮਨਪ੍ਰੀਤ ਸਿੰਘ ਬਾਦਲ ਅਤੇ ਪਰਿਵਾਰ ਨੇ ਇੱਥੇ ਇਕ ਟਾਹਲੀ ਦਾ ਬੂਟਾ ਲਗਾਇਆ। ਸ: ਬਾਦਲ ਨੇ ਕਿਹਾ ਕਿ ਜਿਵੇਂ ਜਿਵੇਂ ਇਹ ਰੁੱਖ ਵੱਡਾ ਹੋਵੇਗਾ ਇਹ ਨਾ ਕੇਵਲ ਸਾਡੀਆਂ ਅਗਲੀਆਂ ਪੀੜੀਆਂ ਨੂੰ ਸਵ: ਸ: ਗੁਰਦਾਸ ਸਿੰਘ ਬਾਦਲ ਜੀ ਦੇ ਜੀਵਨ ਦੀ ਯਾਦ ਦੁਆਉਂਦਾ ਰਹੇਗਾ ਸਗੋਂ ਵਾਤਾਵਰਨ ਦੀ ਸੁੱਧਤਾ ਵਿਚ ਵੀ ਹੀ ਟਾਹਲੀ ਦਾ ਰੁੱਖ ਯੋਗਦਾਨ ਪਾਏਗਾ।
ਇਸ ਮੌਕੇ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਹੁਤ ਥੋੜੇ ਸਮੇਂ ਦੇ ਅੰਤਰਾਲ ਵਿਚ ਹੀ ਮਾਤਾ ਜੀ ਅਤੇ ਪਿਤਾ ਜੀ ਦੇ ਚਲੇ ਜਾਣ ਨਾਲ ਜੀਵਨ ਵਿਚ ਇਕ ਖਲਾਅ ਪੈਦਾ ਹੋ ਗਿਆ ਹੈ। ਪਰ ਨਾਲ ਹੀ ਉਨਾਂ ਨੇ ਉਨਾਂ ਸਾਰੇ ਸੱਜਣਾ ਸਨੇਹੀਆਂ ਦਾ ਧੰਨਵਾਦ ਕੀਤਾ ਜੋ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਆ ਕੇ ਖੜੇ ਹੋਏ। ਉਨਾਂ ਨੇ ਕਿਹਾ ਕਿ ਸਭ ਲੋਕਾਂ ਤੋ ਮਿਲਿਆ ਧਰਵਾਸਾ ਉਨਾਂ ਨੂੰ ਇਸ ਦੁੱਖ ਵਿਚੋ ਨਿਕਲਣ ਵਿਚ ਸਹਾਈ ਹੋਵੇਗਾ।
ਇਸ ਮੌਕੇ ਸ: ਮਹੇਸ਼ਇੰਦਰ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ, ਸ੍ਰੀ ਲਾਲੀ ਬਾਦਲ, ਮੇਜਰ ਭੁਪਿੰਦਰ ਸਿੰਘ ਬਾਦਲ, ਸ: ਜੈਜੀਤ ਸਿੰਘ ਜੌਹਲ, ਸ: ਗੁਰਰਾਜ ਸਿੰਘ ਫੱਤਣਵਾਲਾ, ਸ: ਮਨਜੀਤ ਸਿੰਘ ਫੱਤਣਵਾਲਾ, ਸ: ਜਗਜੀਤ ਸਿੰਘ ਹਨੀ ਫੱਤਣਵਾਲਾ ਆਦਿ ਪਰਿਵਾਰਕ ਮੈਂਬਰ ਵੀ ਹਾਜਰ ਸਨ।
ਇਸ ਦੌਰਾਨ ਅੱਜ ਕੈਬਨਿਟ ਮੰਤਰੀ ਸ: ਬਲਬੀਰ ਸਿੰਘ ਸਿੱਧੂ, ਸ. ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਚੇਅਰਮੈਨ ਮੰਡੀ ਬੋਰਡ ਸ: ਲਾਲ ਸਿੰਘ, ਮੈਂਬਰ ਰਾਜ ਸਭਾ ਸ: ਪ੍ਰਤਾਪ ਸਿੰਘ ਬਾਜਵਾ, ਐਮ ਪੀ ਮੁਹੰਮਦ ਸਦੀਕ,ਵਿਧਾਇਕ ਸ: ਫਤਿਹਜੰਗ ਸਿੰਘ ਬਾਜਵਾ, ਰਜਿੰਦਰ ਸਿੰਘ ਵਿਧਾਇਕ ਸਮਾਣਾ, ਸ੍ਰੀ ਅਜੈ ਚੌਟਾਲਾ ਆਦਿ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਬਾਦਲ ਵਿਖੇ ਪੁੱਜੇ।