ਘਰੋਂ ਭੱਜਿਆ ਕੋਰੋਨਾ ਪਾਜ਼ੀਟਿਵ ਨੌਜਵਾਨ, ਪਿੰਡ ਖੋਖਰ ਵਿਖੇ ਹੋਣ ਦਾ ਸ਼ੱਕ, ਪੁਲਿਸ ਵੱਲੋਂ ਪਿੰਡ ਸੀਲ

ਸ੍ਰੀ ਮੁਕਤਸਰ ਸਾਹਿਬ, 5 ਮਈ (ਸੁਖਵੰਤ ਸਿੰਘ) : ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 19 ਸਾਲਾ ਨੌਜਵਾਨ ਘਰੋਂ ਭੱਜ ਗਿਆ ਜਿਸਦਾ ਕਿ ਪਿੰਡ ਖੋਖਰ ਵਿਖੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਕਰਕੇ ਪੁਲਿਸ ਨੇ ਪਿੰਡ ਨੂੰ ਸੀਲ ਕਰ ਦਿੱਤਾ ਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਬਠਿੰਡਾ ਰੋਡ ਵਾਸੀ ਇਹ ਨੌਜਵਾਨ ਬੀਤੀ 30 ਅਪ੍ਰੈਲ ਨੂੰ ਸੈਂਪਲ ਦੇਣ ਲਈ ਗਿਆ ਸੀ ਤੇ ਉਸਨੂੰ ਜਿਵੇਂ ਹੀ ਰਿਪੋਰਟ ਆਉਣ ਦਾ ਪਤਾ ਚੱਲਿਆ ਤਾਂ ਉਹ ਘਰੋਂ ਭੱਜ ਗਿਆ। ਇਹ ਨੌਜਵਾਨ ਅਮਿ੍ਰੰਤਸਰ ‘ਚ ਪੜ੍ਹਦਾ ਸੀ ਅਤੇ ਬੀਤੇ ਸਮੇਂ ਤੋਂ ਆਪਣੇ ਘਰ ‘ਚ ਹੀ ਰਹਿ ਰਿਹਾ ਹੈ। ਪੁਲਿਸ ਅਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦਾ ਦਾਦਾ ਇਸੇ ਪਿੰਡ ‘ਚ ਰਹਿੰਦਾ ਸੀ ਬਾਅਦ ‘ਚ ਇਹ ਲੋਕ ਮੁਕਤਸਰ ‘ਚ ਰਹਿਣ ਲੱਗ ਪਏ ਹਨ। ਇਨ੍ਹਾਂ ਦੇ ਪੁਰਾਣੇ ਘਰ ਦੇ ਬਾਹਰ ਇਕ ਮੋਟਰਸਾਇਕਲ ਵੀ ਖੜ੍ਹਾ ਮਿਲਿਆ ਹੈ ਪਰ ਇਹ ਨੌਜਵਾਨ ਅਜੇ ਤੱਕ ਨਹੀਂ ਮਿਲਿਆ ਤੇ ਉਹ ਇਸ ਦੀ ਭਾਲ ਕਰ ਰਹੇ ਹਨ। ਓਧਰ ਸਿਹਤ ਵਿਭਾਗ ਦੀ ਟੀਮ ਵੀ ਪਿੰਡ ਪਹੁੰਚ ਗਈ ਹੈ ਜੋ ਕਿ ਨੌਜਵਾਨ ਦੀ ਭਾਲ ‘ਚ ਜੁੱਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਗੇਟ ਨੂੰ ਬਾਹਰ ਤੋਂ ਤਾਲਾ ਲਗਾਇਆ ਗਿਆ ਹੈ ਅਤੇ ਅੰਦਰ ਮੋਟਰਸਾਇਕਲ ਖੜ੍ਹਾ ਹੈ ਜੋ ਕਿ ਅੱਜ ਹੀ ਲਗਾਇਆ ਗਿਆ ਹੈ। ਬਾਕੀ ਉਨ੍ਹਾਂ ਨੇ ਕਮਰੇ ਅਤੇ ਹੋਰ ਖਾਲੀ ਪਈਆਂ ਇਮਾਰਤਾਂ ‘ਚ ਭਾਲ ਕਰ ਲਈ ਹੈ ਪਰ ਹੁਣ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਜਦਕਿ ਥਾਣਾ ਬਰੀਵਾਲਾ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਿੰਡ ‘ਚ ਹੀ ਹੈ ਤੇ ਉਹ ਭਾਲ ਕਰ ਰਹੇ ਹਨ।