ਛੱਪੜ ’ਚ ਪਏ ਭਰੂਣ ਨੂੰ ਖਾ ਰਹੇ ਸਨ ਕੁੱਤੇ, ਪੁਲਿਸ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਜਾਂਚ ਸ਼ੁਰੂ

ਕੋਟਕਪੂਰਾ, 30 ਅਪੈ੍ਰਲ (ਅਰਸ਼ਦੀਪ ਸਿੰਘ ਅਰਸ਼ੀ) :- ਸਥਾਨਕ ਫਰੀਦਕੋਟ ਸੜਕ ’ਤੇ ਨਵੇਂ ਬਣ ਰਹੇ ਰੇਲਵੇ ਪੁੱਲ ਤੋਂ ਦਸਮੇਸ਼ ਗਲੋਬਲ ਸਕੂਲ ਨੂੰ ਜਾਂਦੇ ਰਸਤੇ ’ਤੇ ਸਥਿੱਤ ਆਨੰਦ ਨਗਰ ਦੇ ਛੱਪੜ ’ਚ ਕਿਸੇ ਅਣਵਿਆਹੀ ਦੇ ਲੜਕੇ ਦਾ ਭਰੂਣ ਮਿਲਣ ਦੀ ਖਬਰ ਮਿਲੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਹਿਲਾਂ ਭਰੂਣ ਨੂੰ ਕਬਜੇ ’ਚ ਲਿਆ ਤੇ ਫਿਰ ਸਥਿੱਤੀ ਦਾ ਜਾਇਜਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ। ਸਥਾਨਕ ਸਿਟੀ ਥਾਣੇ ਦੇ ਸਬ ਇੰਸਪੈਕਟਰ ਜਗਪਾਲ ਸਿੰਘ ਅਤੇ ਏਐਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਥਾਣੇ ’ਚ ਸੂਚਨਾ ਦਿੰਦਿਆਂ ਕਿਸੇ ਨੇ ਦੱਸਿਆ ਕਿ ਆਨੰਦ ਨਗਰ ਦੀ ਗਲੀ ਨੰਬਰ 10 ਦੇ ਛੱਪੜ ’ਚ ਭਰੂਣ ਪਿਆ ਹੈ, ਜਿਸ ਨੂੰ ਕੁੱਤੇ ਖਾ ਰਹੇ ਹਨ। ਪੁਲਿਸ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਸੰਪਰਕ ਕੀਤਾ ਤਾਂ ਡਾ. ਹਰਕੰਵਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਾਲੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਡਾ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇਕ ਡਾਕਟਰਾਂ ਦੀ ਟੀਮ ਦਾ ਗਠਨ ਕਰਕੇ ਭਰੂਣ ਨੂੰ ਪੈਕਿੰਗ ਕਰਨ ਉਪਰੰਤ ਕਬਜੇ ’ਚ ਲੈ ਲਿਆ ਗਿਆ ਹੈ। ਉਨਾ ਦੱਸਿਆ ਕਿ ਇਸ ਦੇ ਟੈਸਟ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਜਾਣਗੇ, ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਥਾਣਾ ਮੁਖੀ ਰਾਜਬੀਰ ਸਿੰਘ ਸੰਧੂ ਮੁਤਾਬਿਕ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਂਝ ਉਨਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।