ਜਲਘਰ ਦੀ ਖੂਹੀ ‘ਚ ਡਿੱਗਣ ਕਾਰਨ ਲੜਕੇ ਦੀ ਮੌਤ

ਸ੍ਰੀ ਮੁਕਤਸਰ ਸਾਹਿਬ , 13 ਮਈ (ਤੇਜਿੰਦਰ ਧੂੜੀਆ, ਸੁਖਵੰਤ ਸਿੰਘ): ਨਜਦੀਕੀ ਪਿੰਡ ਥਾਂਦੇਵਾਲਾ ਵਿਖੇ ਜਲਘਰ ਦੀ ਖੂਹੀ ‘ਚ ਡਿੱਗਣ ਕਾਰਨ 16 ਸਾਲਾ ਲੜਕੇ ਅਰਮਾਨਦੀਪ ਸਿੰਘ ਦੀ ਮੌਤ ਹੋ ਗਈ। ਜਲਘਰ ਦੀ ਖੂਹੀ ਸਕੂਲ ਦੀ ਕੰਧ ਦੇ ਬਿਲਕੁੱਲ ਨਾਲ ਹੈ।ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਵੇਲੇ ਕਈ ਬੱਚੇ ਸਕੂਲ ਦੇ ਖੇਡ ਮੈਦਾਨ ‘ਚ ਕਿ੍ਰਕਟ ਖੇਡ ਰਹੇ ਸੀ ਕਿ ਗੇਂਦ ਕੰਧ ਦੇ ਦੂਜੇ ਪਾਸੇ ਬਣੀ ਖੂਹੀ ‘ਚ ਜਾ ਡਿੱਗੀ ਤਾਂ ਦਸਵੀਂ ਕਲਾਸ ਦਾ ਵਿਦਿਆਰਥੀ ਅਰਮਾਨਦੀਪ ਸਿੰਘ ਗੇਂਦ ਕੱਢਣ ਲਈ ਡਿੱਗੀ ‘ਚ ਵੜਿਆ ਤਾਂ ਬਾਹਰ ਨਿਕਲਣ ਦੀ ਬਜਾਏ ਉਹ ਖੂਹੀ ਦੀ ਗੱਭ ‘ਚ ਫੱਸਕੇ ਡੁੱਬ ਗਿਆ। ਇਸ ‘ਤੇ ਦੂਜੇ ਬੱਚੇ ਡਰ ਕੇ ਰੌਲਾ ਪਾਉਂਦੇ ਹੋਏ ਘਰਾਂ ਨੂੰ ਭੱਜ ਗਏ ਪਰ ਲੋਕਾਂ ਦੇ ਪਤਾ ਲੱਗਣ ਤਕ ਅਰਮਾਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਲੋਕ ਤੁਰੰਤ ਬੱਚੇ ਨੂੰ ਮੁਕਤਸਰ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਅਰਮਾਨਦੀਪ ਦੇ ਪਿਤਾ ਜਗਸੀਰ ਸਿੰਘ ਤੇ ਮਾਂ ਸੁਖਜੀਤ ਕੌਰ ਨੇ  ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਹੁਤ ਹੋਣਹਾਰ ਸੀ ਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਖੂਹੀ ‘ਚ ਬੱਚਿਆਂ ਦੇ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।