ਟਰੱਕ ਥੱਲੇ ਆਉਣ ਨਾਲ ਬੱਚੇ ਦੀ ਮੌਤ, ਦਾਦੀ ਜਖ਼ਮੀ

ਸ੍ਰੀ ਮੁਕਤਸਰ ਸਾਹਿਬ, 16 ਮਈ (ਤੇਜਿੰਦਰ ਧੂੜੀਆ, ਸੁਖਵੰਤ ਸਿੰਘ )-ਜਿਲ੍ਹਾ ਮੁਕਤਸਰ ਦੇ ਨਜ਼ਦੀਕੀ ਪਿੰਡ ਚਿੱਬੜਾਂਵਾਲੀ ਵਿੱਚ ਸ਼ਨੀਵਾਰ ਸਵੇਰੇ ਦਾਦੀ ਪੋਤਾ ਟਰੱਕ ਦੇ ਥੱਲੇ ਆ ਗਏ। ਇਸ ਵਿੱਚ ਪੋਤੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦਾਦੀ ਗੰਭੀਰ ਵਜੋਂ ਜਖ਼ਮੀ ਹੋ ਗਈ। ਪਿੰਡ ਚਿੱਬੜਾਂਵਾਲੀ ਵਿੱਚ ਗਰੀਬ ਪਰਿਵਾਰ ਨੂੰ ਪਿੰਡ ਦੇ ਹੀ ਜਿੰਮੀਦਾਰ ਵੱਲੋਂ ਪਿੰਡ ਵਿੱਚ ਕੁਝ ਜਗ੍ਹਾਂ ‘ਤੇ ਨੌਹਰੇ ਵਿੱਚ ਕਮਰਾ ਬਣਾ ਕੇ ਰਹਿਣ ਲਈ ਦਿੱਤਾ ਹੋਇਆ ਹੈ। ਇਸ ਵਿੱਚ ਮਜ਼ਦੂਰ ਪਾਲ ਸਿੰਘ ਅਤੇ ਉਸਦੀ ਪਤਨੀ, ਉਸਦੀ ਮਾਂ ਅਤੇ ਉਸਦੇ ਦੋ ਬੇਟੇ ਰਹਿੰਦੇ ਹਨ। ਇਸ ਨੌਹਰੇ ਵਿੱਚ ਕੁਝ ਟਰੱਕ ਡਰਾਈਵਰਾਂ ਵੱਲੋਂ ਆਪਣੇ ਟਰੱਕ ਖੜ੍ਹੇ ਕਰ ਦਿੱਤੇ ਜਾਂਦੇ ਹਨ। ਸ਼ਨੀਵਾਰ ਦੀ ਸਵੇਰੇ ਦਾਦੀ ਅੰਗੂਰੀ ਦੇਵੀ ਅਤੇ ਉਸਦਾ ਡੇਢ ਸਾਲ ਦਾ ਛੋਟਾ ਪੋਤਾ ਦਿਲਜਾਨ ਵਿਹੜੇ ਵਿਚ ਹੀ ਮੰਜੇ ‘ਤੇ ਆਪਣੀ ਦਾਦੀ ਦੀ ਗੋਦੀ ਵਿੱਚ ਸੌ ਰਿਹਾ ਸੀ। ਬੱਚੇ ਦੀ ਮਾਂ ਅਤੇ ਉਸਦਾ ਵੱਡਾ ਭਰਾ ਕਮਰੇ ਵਿੱਚ ਸਨ ਅਤੇ ਪਿਤਾ ਮਜ਼ਦੂਰੀ ਲਈ ਗਿਆ ਸੀ। ਟਰੱਕ ਡਰਾਈਵਰ ਸਰੂਪ ਸਿੰਘ ਵਾਸੀ ਮਲੋਟ ਨੇ ਆਪਣੇ ਟਰੱਕ ਨੰਬਰ ਪੀਬੀ ਕਿਊ 3971 ਨੂੰ ਨੋਹਰੇ ਤੋਂ ਲੈਣ ਲਈ ਆਇਆ ਤਾਂ ਉਸਨੇ ਜਿਵੇਂ ਹੀ ਬੈਕ ਕੀਤਾ ਤਾਂ ਟਰੱਕ ਪਿੱਛੇ ਬੈਠੇ ਦਾਦੀ ਪੋਤੇ ‘ਤੇ ਚੜ੍ਹ ਗਿਆ ਜਿਸ ਵਿੱਚ ਪੋਤੇ ਦਿਲਜਾਨ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਅੰਗੂਰੀ ਦੇਵੀ ਦੀ ਇੱਕ ਲੱਤ ਥੱਲੇ ਆਉਣ ‘ਤੇ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਸ਼ੋਰ ਮਚਾਉਣ ‘ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਟਰੱਕ ਡਰਾਈਵਰ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਲੱਖੇਵਾਲੀ ਦੇ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਟਰੱਕ ਡਰਾਈਵਰ ਸਰੂਪ ਸਿੰਘ ਅਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।