ਡਾਕਘਰ ‘ਚ ਕੰਮ ਕਰਵਾਉਣ ਪਹੁੰਚ ਰਹੇ ਲੋਕ ਹੋ ਰਹੇ ਨੇ ਪਰੇਸ਼ਾਨ

ਸ੍ਰੀ ਮੁਕਤਸਰ ਸਾਹਿਬ, 11 ਮਈ (ਤੇਜਿੰਦਰ ਧੂੜੀਆ, ਸੁਖਵੰਤ ਸਿੰਘ) : ਕੋਰੋਨਾ ਕਰਫਿਊ ਦੇ ਚਲਦਿਆਂ ਸ਼ਹਿਰ ਦੇ ਮੇਨ ਡਾਕਘਰ ‘ਚ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ। ਡਾਕਘਰ ‘ਚ ਕੰਮ ਕਰਵਾਉਣ ਪਹੁੰਚ ਰਹੇ ਲੋਕ ਪ੍ਰਰੇਸ਼ਾਨ ਹੋ ਰਹੇ ਹਨ। ਡਾਕਘਰ ਸਟਾਫ ਵੱਲੋਂ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਰੱਖਿਆ ਗਿਆ ਅਤੇ ਨਾ ਹੀ ਅਧਿਕਾਰੀਆਂ ਤੇ ਸਟਾਫ ਨੇ ਮਾਸਕ ਪਹਿਨੇ ਹੋਏ ਸਨ। ਔਰਤਾਂ ਤੇ ਪੁਰਸ਼ਾਂ ਸਮੇਤ ਰੁਪਏ ਜਮ੍ਹਾ ਕਰਵਾਉਣ, ਕਢਵਾਉਣ, ਐਫਡੀ ਤੇ ਅਨੇਕ ਕੰਮਾਂ ਸਬੰਧੀ ਸਿਰਫ ਇਕ ਹੀ ਲਾਇਨ ਲੱਗੀ ਹੋਈ ਸੀ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾ-ਮਾਤਰ ਮੁਲਾਜ਼ਮਾਂ ਨੂੰ ਡਿਊਟੀ ‘ਤੇ ਆਉਣ ਦੀ ਇਜਾਜਤ ਹੈ, ਜਦਕਿ ਡਾਕਘਰ ‘ਚ ਤਕਰੀਬਨ ਸਾਰਾ ਸਟਾਫ ਹੀ ਨਜ਼ਰ ਆ ਰਿਹਾ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਡਾਕਘਰ ਦੇ ਗੇਟ ‘ਤੇ ਸਵੇਰੇ ਤੋਂ ਹੀ ਲੰਬੀ ਲਾਇਨ ਲੱਗ ਗਈ। ਜਿੱਥੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਦੀਆਂ ਰਹੀਆਂ। ਸਾਰੇ ਕੰਮਾਂ ਲਈ ਇਕ ਹੀ ਲਾਇਨ ਲੱਗੀ ਹੋਣ ਕਰਕੇ ਲੋਕ ਘੰਟਿਆਂ ਤੱਕ ਲਾਇਨ ‘ਚ ਖੜ੍ਹੇ ਰਹੇ। ਅਜਿਹੇ ‘ਚ ਜਦ ਪੋਸਟਮਾਸਟਰ ਤੋਂ ਕਾਰਨ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਬੈਂਕ ਤੋਂ ਰੁਪਏ ਨਹੀਂ ਆਏ ਹਨ ਜਦ ਆਉਣਗੇ ਤਦ ਦੇ ਸਕਾਂਗੇ। ਇਸ ‘ਤੇ ਜਦ ਕਿਸੇ ਉਪਭੋਗਤਾ ਨੇ ਕਿਹਾ ਕਿ ਜੋ ਲੋਕ ਰੁਪਏ ਜਮ੍ਹਾ ਕਰਵਾਉਣ ਆਏ ਹਨ ਉਨ੍ਹਾਂ ਦੇ ਰੁਪਏ ਤਾਂ ਜਮ੍ਹਾ ਕਰ ਸਕਦੇ ਹੋ ਤਾਂ ਐਨੇ ‘ਚ ਪੋਸਟਮਾਸਟਰ ਗੁੱਸੇ ਹੋ ਗਏ ਜਿਸ ‘ਤੇ ਕੁਝ ਹੰਗਾਮਾ ਵੀ ਹੋਇਆ। ਵਾਧੂ ਚਾਰਜ ਸੰਭਾਲ ਰਹੇ ਪੋਸਟਮਾਸਟਰ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਤਿੰਨ ਲੋਕਾਂ ਨੂੰ ਕਾਰਜ ਕਰਨ ਲਈ ਕਿਹਾ ਹੈ ਪਰ ਤਿੰਨ ਲੋਕ ਸਾਰਾ ਕੰਮ ਨਹੀਂ ਸੰਭਾਲ ਸਕਦੇ ਇਸ ਲਈ ਸਟਾਫ ਬੁਲਾਉਣਾ ਪੈ ਰਿਹਾ ਹੈ।