ਤੇਜ ਮੀਂਹ ਕਾਰਨ ਡਿੱਗੀ ਛੱਤ, ਵਾਲ ਵਾਲ ਬਚਿਆ ਪਰਿਵਾਰ

ਕੋਟਕਪੂਰਾ, (ਅਰਸ਼ਦੀਪ ਸਿੰਘ ਅਰਸ਼ੀ) :- ਨੇੜਲੇ ਪਿੰਡ ਸੰਧਵਾਂ ਵਿਖੇ ਪਿਛਲੇ ਦਿਨੀਂ ਆਏ ਤੇਜ ਝੱਖੜ ਤੇ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੀ ਅਚਾਨਕ ਛੱਤ ਡਿੱਗ ਪਈ ਪਰ ਪਰਿਵਾਰਕ ਮੈਂਬਰ ਵਾਲ ਵਾਲ ਬਚ ਗਏ ਪਰ ਗਰੀਬ ਮਜਦੂਰ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਕਿਉਂਕਿ ਘਰ ਦੇ ਮਾਲਕ ਕਰਤਾਰ ਸਿੰਘ ਦੀ ਪਤਨੀ ਨੂੰ ਕੰਨਾਂ ਤੋਂ ਘੱਟ ਸੁਣਾਈ ਦਿੰਦੈ, ਬੇਟਾ ਗੁੰਗਾ ਜਦਕਿ ਬੇਟੀ ਅੰਗਹੀਣ ਹੈ ਅਤੇ ਸਿਰਫ ਕਰਤਾਰ ਸਿੰਘ ਹੀ ਮਜਦੂਰੀ ਕਰਕੇ ਘਰ ਦਾ ਗੁਜਾਰਾ ਚਲਾ ਰਿਹਾ ਸੀ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ਕਰਤਾਰ ਸਿੰਘ ਦੇ ਸਿਰ ’ਚ ਉਕਤ ਹਾਦਸੇ ਕਾਰਨ ਸੱਟ ਲੱਗ ਗਈ। ਉਨਾ ਦੱਸਿਆ ਕਿ ਕਰਤਾਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਨਾਨਕਸਰ ਬਸਤੀ ਸੰਧਵਾਂ ਦੀ ਅਚਾਨਕ ਛੱਤ ਡਿੱਗ ਪੈਣ ਕਾਰਨ ਘਰ ’ਚ ਪਿਆ ਜਰੂਰੀ ਵਰਤੋਂ ਵਾਲਾ ਸਮਾਨ ਵੀ ਨੁਕਸਾਨਿਆ ਗਿਆ। ਉਨਾ ਦੱਸਿਆ ਕਿ ਤੜਕਸਾਰ ਕਰੀਬ 3:30 ਵਜੇ ਉਕਤ ਹਾਦਸਾ ਉਸ ਸਮੇਂ ਵਾਪਰਿਆ, ਜਦ ਸਾਰਾ ਪਰਿਵਾਰ ਸੌਂ ਰਿਹਾ ਸੀ। ਉਨਾ ਜਿਲਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਤਾਰ ਸਿੰਘ ਦੀ ਆਰਥਿਕ ਮੱਦਦ ਕੀਤੀ ਜਾਵੇ।