ਤੋਤਿਆਂ ਦੀ ਕਥਿੱਤ ਤਸਕਰੀ ਦਾ ਮਾਮਲਾ, ਪੁਲਿਸ ਜਾਂਚ ‘ਚ ਜੁੱਟੀ

ਫੋਟੋ : ਕੇ.ਕੇ.ਪੀ.-ਗੁਰਿੰਦਰ

ਕੋਟਕਪੂਰਾ, (ਅਰਸ਼ਦੀਪ ਸਿੰਘ ਅਰਸ਼ੀ) :- ਸਥਾਨਕ ਸਿਟੀ ਥਾਣੇ ਵਿਖੇ ਇਕ ਭੋਲਾ ਪੰਛੀ ਵਜੋਂ ਜਾਣੇ ਜਾਂਦੇ ਤੋਤਿਆਂ ਦੀ ਤਸਕਰੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ, ਐਸਐਚਓ ਰਾਜਬੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਵਣ ਵਿਭਾਗ ਦੇ ਰੇਂਜ਼ ਅਫਸਰ ਵਲੋਂ ਮੰਦਰ ਸਿੰਘ ਵਾਸੀ ਪਿੰਡ ਢੈਪਈ ਅਤੇ ਉਸਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ 20 ਤੋਤਿਆਂ ਸਮੇਤ ਕਾਬੂ ਕਰਕੇ ਤੋਤਿਆਂ ਦੀ ਤਸਕਰੀ ਦਾ ਦੋਸ਼ ਲਾ ਕੇ ਪੁਲਿਸ ਦੇ ਹਵਾਲੇ ਕੀਤਾ ਹੈ,। ਹੁਣ ਜੰਗਲਾਤ ਵਿਭਾਗ ਦੇ ਅਧਿਕਾਰੀ ਜੋ ਬਿਆਨ ਦਰਜ ਕਰਾਉਣਗੇ, ਉਸਦੇ ਅਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਵਣ ਰੇਂਜ਼ ਅਫਸਰ ਸੁਖਦਰਸ਼ਨ ਸਿੰਘ ਬਾਜਾਖਾਨਾ ਅਨੁਸਾਰ ਤੋਤਿਆਂ ਦੀ ਤਸਕਰੀ ਦੇ ਦੋਸ਼ ਹੇਠ ਕਾਬੂ ਕਰਕੇ ਪੁਲਿਸ ਹਵਾਲੇ ਕੀਤੇ ਗਏ ਪਿਓ-ਪੁੱਤਰ ਦੇ ਮੋਬਾਇਲ ਪੁਲਿਸ ਦੇ ਕਬਜੇ ‘ਚ ਹਨ, ਜਿਸਦੀ ਪੜਤਾਲ ਉਪਰੰਤ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਪੰਛੀਆਂ ਦੀ ਤਸਕਰੀ ਬਾਰੇ ਕਾਫੀ ਚਿਰ ਤੋਂ ਕਨਸੋਆਂ ਮਿਲ ਰਹੀਆਂ ਸਨ ਪਰ ਅੱਜ ਬੜੀ ਮਿਹਨਤ ਤੋਂ ਬਾਅਦ ਉਕਤ ਸਫਲਤਾ ਮਿਲੀ।।ਵਾਤਾਵਰਨ ਅਤੇ ਪੰਛੀਆਂ ਦੀ ਸੰਭਾਲ ਲਈ ਯਤਨਸ਼ੀਲ ਸੰਸਥਾ ਬੀੜ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਸਰਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਪੰਛੀਆਂ ਦੀ ਹੁੰਦੀ ਤਸਕਰੀ ਦਾ ਖੁਲਾਸਾ ਹੋਣਾ ਸੁਭਾਵਿਕ ਹੈ, ਦੂਜੇ ਪਾਸੇ ਮੰਦਰ ਸਿੰਘ ਅਤੇ ਉਸਦੇ ਪੁੱਤਰ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।।ਇਸ ਮੌਕੇ ਉਪਰੋਕਤ ਤੋਂ ਇਲਾਵਾ ਬੀੜ ਸੁਸਾਇਟੀ ਵਲੋਂ ਪੰਛੀਆਂ ਦੇ ਡਾਕਟਰ ਸ਼ੰਕਰ ਸ਼ਰਮਾ, ਗੁਰਬਿੰਦਰ ਸਿੰਘ ਸਿੱਖਾਵਾਲਾ, ਜਦਕਿ ਵਣਵਿਭਾਗ ਵਲੋਂ ਬਲਾਕ ਅਫਸਰ ਬੋਹੜ ਸਿੰਘ ਸਮੇਤ ਅਮਨਦੀਪ ਸਿੰਘ, ਮਨਜਿੰਦਰ ਸਿੰਘ, ਸੰਦੀਪ ਸਿੰਘ ਆਦਿਕ ਕਰਮਚਾਰੀ ਵੀ ਹਾਜਰ ਸਨ।