ਦੁਕਾਨਦਾਰਾਂ ਵੱਲੋਂ ਚਿਤਵੀਆਂ ਰੌਣਕਾਂ ਬਜਾਰਾਂ ਵਿੱਚ ਕਿਧਰੇ ਵੀ ਦਿਖਾਈ ਨਹੀਂ ਦੇ ਰਹੀਆਂ

ਸਰਕਾਰ ਬਜਾਰਾਂ ਦੀ ਮਜਬੂਤੀ ਵਾਸਤੇ ਨੀਤੀਆਂ ਬਨਾਉਣ ਵੱਲ ਵਿਸੇਸ਼ ਧਿਆਨ ਅਤੇ ਰਾਹਤ ਦੇਵੇ

ਸ੍ਰੀ ਮੁਕਤਸਰ ਸਾਹਿਬ, (ਸੁਖਵੰਤ ਸਿੰਘ) – ਪੰਜਾਬ ਵਿੱਚ ਸਰਕਾਰ ਵੱਲੋਂ ਕਰਫਿਊ ਹਟਾਏ ਜਾਣ ਅਤੇ ਜਿਲ੍ਹਾ ਪ੍ਰਸਾਸ਼ਨ ਦੀ ਤਰਫੋਂ ਲੌਕਡਾਊਨ ਵਿੱਚ ਢਿੱਲ ਦੇ ਕੇ ਬਜਾਰ ਖੋਲ੍ਹੇ ਜਾਣ ਦੀ ਇਜਾਜਤ ਦੇਣ ਉਪਰੰਤ ਭਾਵੇਂ ਬਜਾਰਾਂ ਵਿੱਚ ਜਲਦ ਹੀ ਰੌਣਕਾਂ ਮੁੜ ਪ੍ਰਤਣ ਦੀਆਂ ਇਛਾਵਾਂ ਦੁਕਾਨਦਾਰਾਂ ਦੇ ਮਨਾਂ ਅੰਦਰ ਜਾਗ ਪਈਆਂ ਹਨ। ਪ੍ਰੰਤੂ ਇੱਕ ਹਫਤੇ ਤੋਂ ਬਾਅਦ ਵੀ ਬਜਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਚਿਤਵੀਆਂ ਰੌਣਕਾਂ ਕਿਧਰੇ ਵੀ ਦਿਖਾਈ ਨਹੀਂ ਦੇ ਰਹੀਆਂ। ਰੋਟੀ-ਟੁੱਕ ਅਤੇ ਘਰ ਦੇ ਜਰੂਰੀ ਸਮਾਨ ਖਰੀਦਣ ਤੋਂ ਬਗੈਰ ਆਮ ਲੋਕ ਅਜੇ ਤੱਕ ਬਜਾਰਾਂ ਵਿੱਚ ਨਹੀਂ ਆ ਰਹੇ। ਇਸ ਦੇ ਮੁਖ ਕਾਰਨ ਲਗਭਗ 2 ਮਹੀਨੇ ਕਰਫਿਊ ਤੇ ਲੌਕਡਾਊਨ ਕਾਰਨ ਦਰਮਿਆਨਾ ਤਬਕਾ ਥੋੜੀ ਬਹੁਤੀ ਬਚਾਈ ਪੂੰਜੀ ਨਾਲ ਘਰ ਚਲਾਉਣ ਵੱਲ ਧਿਆਨ ਦਿੰਦਾ ਰਿਹਾ ਅਤੇ ਹੁਣ ਵੀ ਆਮ ਲੋਕ ਕਿਸੇ ਵੀ ਤਰ੍ਹਾਂ ਦਾ ਜਰੂਰਤਾਂ ਤੋਂ ਬਾਹਰਲਾ ਖਰਚਾ ਕਰਨ ਤੋਂ ਪ੍ਰਹੇਜ ਕਰਦੇ ਹੀ ਵਿਖਾਈ ਦਿੰਦੇ ਹਨ। ਇਸ ਸਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨਾਮਵਰ ਅੰਕੁਸ਼ ਗੂੰਬਰ ‘ਵਿੱਕੀ ਸਵੀਟਸ’ ਦਾ ਕਹਿਣਾ ਹੈ ਕਿ ਕਰਫਿਊ ਖੁਲ੍ਹਣ ਉਪਰੰਤ ਅਜੇ ਸਿਰਫ 25 ਤੋਂ 30 ਪ੍ਰਤੀਸ਼ਤ ਗਾਹਕ ਹੀ ਸਾਡੀ ਦੁਕਾਨ ਤੇ ਆ ਰਿਹਾ ਹੈ। ਜਿਸ ਨਾਲ ਖਰਚੇ ਵੀ ਪੂਰੇ ਨਹੀਂ ਹੋ ਰਹੇ। ਬਾਹਰਲੀ ਲੇਬਰ ਬਾਰੇ ਉਨ੍ਹਾਂ ਕਿਹਾ ਕਿ ਬਹੁਤੀ ਲੇਬਰ ਵਾਪਸ ਚਲੀ ਗਈ ਹੈ, ਹੁਣ ਵਧੇਰੇ ਕਰਕੇ ਅਸੀਂ ਸਥਾਨਕ ਲੇਬਰ ਤੇ ਹੀ ਨਿਰਭਰ ਕਰ ਰਹੇ ਹਾਂ। ਕਈ ਦੁਕਾਨਦਾਰਾਂ ਪਾਸੋਂ ਤਾਂ ਲੇਬਰ ਪੂਰੀ ਤਰ੍ਹਾਂ ਨਾਲ ਜਾ ਚੁੱਕੀ ਹੈ, ਜਿਸ ਕਾਰਨ ਦੁਕਾਨਦਾਰਾਂ ਲਈ ਕਈ ਤਰ੍ਹਾਂ ਦੀਆਂ ਸਮਸਿਆਵਾਂ ਪੈਦਾ ਹੋ ਗਈਆਂ ਹਨ। ਕਰਫਿਊ ਤੋਂ ਪਹਿਲਾਂ ਸਾਡੇ ਕੋਲ ਸਟਾਕ ਵਜੋਂ ਪਈ ਮਠਿਆਈ ਅਸੀਂ ਖਰਾਬ ਹੋ ਜਾਣ ਦੀ ਸੰਭਾਵਨਾਂ ਕਰਕੇ ਲੋਕਾਂ ਵਿੱਚ ਮੁਫਤ ਵੰਡ ਦਿੱਤੀ ਸੀ। ਨਵੀਂ ਮਠਿਆਈ ਲਾਗਤ ਨੂੰ ਵੇਖਦਿਆਂ ਘੱਟ ਮਾਤਰਾ ਵਿੱਚ ਬਣਾ ਰਹੇ ਹਾਂ, ਪਰ ਸਾਨੂੰ ਲੇਬਰ ਤੇ ਹੋਰ ਖਰਚੇ ਤਾਂ ਪੂਰੇ ਪੈਂਦੇ ਹਨ। ਅਸੀਂ ਮੁੜ ਚੰਗੇ ਦਿਨ ਆਉਣ ਦੀ ਉਮੀਦ ਦੇ ਆਸਰੇ ਕਾਰੋਬਾਰ ਕਰ ਰਹੇ ਹਾਂ, ਇਸ ਤੋਂ ਬਗੈਰ ਸਾਡੇ ਕੋਲ ਹੋਰ ਰਾਹ ਵੀ ਨਹੀਂ। ਕਪੜੇ ਦੀ ਦੁਕਾਨ ਵਾਲੇ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਜਿੰਨੀ ਕੁ ਪੂੰਜੀ ਸਾਡੇ ਕੋਲ ਬਚਤ ਵਜੋਂ ਮੌਜੂਦ ਸੀ ਉਹ ਅਸੀਂ ਘਰ ਬੈਠਿਆਂ ਖਾ ਗਏ।  ਪ੍ਰਸਾਸ਼ਨ ਨੇ ਦੁਕਾਨਾਂ ਭਾਵੇਂ ਖੋਹਲਣ ਦੀ ਇਜਾਜਤ ਦੇ ਦਿੱਤੀ ਹੈ ਪਰ ਬਜਾਰ ਵਿੱਚ ਅਜੇ ਗਾਹਕ ਨਹੀਂ ਆ ਰਹੇ। ਸ਼ਾਇਦ ਆਮ ਲੋਕਾਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਹਨ ਤੇ ਉਪਰੋਂ ਮਾੜੇ ਸਮੇਂ ਦਾ ਦੌਰ ਅਜੇ ਵੀ ਪੂਰੀ ਤਰ੍ਹਾਂ ਖਤਮ ਹੁੰਦਾ ਵਿਖਾਈ ਨਹੀਂ ਦੇ ਰਿਹਾ। ਕੇਂਦਰ ਤੇ ਸੂਬਾ ਸਰਕਾਰਾਂ ਵੀ ਦਰਮਿਆਨੇ ਤਬਕੇ ਨੂੰ ਰਾਹਤ ਪ੍ਰਦਾਨ ਕਰਨ ਜਾਂ ਬਜਾਰਾਂ ਨੂੰ ਮੁੜ ਪੈਰਾਂ ਸਿਰ ਕਰਨ ਵੱਲ ਕੋਈ ਨਿੱਗਰ ਕਦਮ ਨਹੀਂ ਉਠਾ ਰਹੀਆਂ। ਸਵਰਨਕਾਰ ਸੰਘ ਦੇ ਸਥਾਨਕ ਪ੍ਰਧਾਨ ਭੁਪਿੰਦਰ ਸਿੰਘ ਜੌਹਰ ਅਤੇ ਰਜਿੰਦਰ ਸਿੰਘ ਗੋਰਾ ਕੰਡਾ ਦਾ ਕਹਿਣਾ ਹੈ ਕਿ ਹਫਤਾ ਗੁਜਰ ਜਾਣ ਤੇ ਵੀ ਬਜਾਰ ਗਾਹਕਾਂ ਨੂੰ ਤਰਸ ਰਹੇ ਹਨ, ਵੇਹਲੇ ਬੈਠੇ ਦੁਕਾਨਦਾਰ ਆਪਣੇ ਕਾਰੋਬਾਰ ਦੀ ਗੱਡੀ ਮੁੜ ਲੀਹ ਤੇ ਆ ਜਾਣ ਦੀ ਉਮੀਦ ਵਿੱਚ ਸਵੇਰੇ ਤੋਂ ਸ਼ਾਮ ਤੱਕ ਗਾਹਕਾਂ ਦੀ ਉਡੀਕ ਕਰਦੇ ਹਨ। ਸੋਨੇ ਦੇ ਭਾਅ ਵਿੱਚ ਤੇਜੀ ਆਉਣ ਕਾਰਨ ਕਈ ਲੋਕ ਸੋਨਾ ਵੇਚਣ ਲਈ ਆਉਂਦੇ ਹਨ ਪਰ ਨਵੀਂ ਖਰੀਦ ਅਜੇ ਨਾਂਹ ਦੇ ਬਰਾਬਰ ਹੈ। ਦੂਸਰੇ ਸੂਬਿਆਂ ਬੰਗਾਲ ਅਤੇ ਮਹਾਂਰਾਸ਼ਟਰ ਤੋਂ ਆਏ ਕਾਰੀਗਰ ਜੇ ਕਿ ਜੇਵਰ ਤਿਆਰ ਕਰਨ ਦੇ ਖੇਤਰ ਨੂੰ ਸੰਭਾਲਦੇ ਹਨ, ਉਹ ਅਜਿਹੇ ਔਖੇ ਸਮੇਂ ਵਿੱਚ ਵੀ ਇਥੇ ਟਿਕੇ ਹੋਏ ਹਨ ਜਿਸ ਕਾਰਨ ਸਾਨੂੰ ਲੇਬਰ ਪੱਖ ਤੋਂ ਕੁਝ ਰਾਹਤ ਮਿਲੀ ਹੋਈ ਹੈ। ਸਰਕਾਰ ਨੂੰ ਬਜਾਰਾਂ ਦੀ ਮਜਬੂਤੀ ਵਾਸਤੇ ਨੀਤੀਆਂ ਬਨਾਉਣ ਵੱਲ ਵਿਸੇਸ਼ ਧਿਆਨ ਦੇਣ ਦੀ ਜਰੂਰਤ ਨੂੰ ਸਮਝਦਿਆਂ ਜਲਦ ਰਾਹਤ ਦੇਣੀ ਚਾਹੀਦੀ ਹੈ। ਉਮੀਦਾਂ ਨਾਲ ਹੀ ਦੁਨੀਆਂ ਚਲਦੀ ਹੈ ਅਸੀਂ ਵੀ ਚੰਗੇ ਦਿਨ੍ਹਾਂ ਦੀ ਇੰਤਜਾਰ ਕਰ ਰਹੇ ਹਾਂ।  ਇਸ ਮੌਕੇ ਕਈ ਹੋਰ ਖੇਤਾਂ ਨਾਲ ਸਬੰਧਤ ਵਿਅਕਤੀਆਂ ਮਨਿੰਦਰ ਸਿੰਘ ਛਾਬੜਾ, ਇਕਬਾਲ ਸਿੰਘ ਬਰਾੜ, ਦਰਸ਼ਨ ਸਿੰਘ ਸੰਧੂ, ਲਖਵੀਰ ਸਿੰਘ ਵੱਟੂ, ਕੁਲਬੀਰ ਸਿੰਘ ਕਾਲਾ ਅਤੇ ਗੁਰਮੀਤ ਸਿੰਘ ਮਸੌਣ ਨੇ ਵੀ ਅਜਿਹੇ ਹੀ ਵਿਚਾਰਾਂ ਦੀ ਪ੍ਹੋੜਤਾ ਕੀਤੀ।