ਦੂਜੇ ਰਾਜਾਂ ‘ਚ ਫਸੇ ਟਰੱਕ ਡਰਾਈਵਰ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਵੀਡੀਉ ਕੀਤਾ ਜਾਰੀ

ਸਿੱਖ ਨੌਜਵਾਨ ਨੇ ਦੇਸ਼ ਦੇ ਅੱਧੀ ਦਰਜਨ ਮੁੱਖ ਮੰਤਰੀਆਂ ਨੂੰ ਮੱਦਦ ਦੀ ਕੀਤੀ ਅਪੀਲ

ਕੋਟਕਪੂਰਾ, 16 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਸ਼ੋਸ਼ਲ ਮੀਡੀਏ ‘ਤੇ ਵਾਇਰਲ ਹੋਏ ਦੋ ਵੀਡੀਉ ਕਲਿੱਪ ਦੇਸ਼ ਭਰ ਦੇ ਦੋ ਵੱਖ ਵੱਖ ਹਿੱਸਿਆਂ ਦੀ ਤਰਾਸਦੀ ਵਿਲੱਖਣ ਢੰਗ ਨਾਲ ਬਿਆਨ ਕਰਦੇ ਪ੍ਰਤੀਤ ਹੋ ਰਹੇ ਹਨ। ਇਕ ਵੀਡੀਉ ਕਲਿੱਪ ਵਿੱਚ ਟਰੱਕ ਡਰਾਈਵਰ ਸਿੱਖ ਨੋਜਵਾਨ ਆਪਣੇ ਟਰੱਕ ਦੇ ਮੂਹਰੇ ਖੜ ਕੇ ਦੇਸ਼ ਦੇ ਲਗਭਗ ਅੱਧੀ ਦਰਜਨ ਮੁੱਖ ਮੰਤਰੀਆਂ, ਸਮਾਜਸੇਵੀਆਂ ਅਤੇ ਪੰਜਾਬ ਵਾਸੀਆਂ ਨੂੰ ਹਾੜੇ ਕੱਢ ਕੱਢ ਕੇ ਤਰਲੇ ਲੈਂਦਾ ਕਹਿ ਰਿਹਾ ਹੈ ਕਿ ਸਾਡੇ ਨਾਲ ਬਿਹਾਰ ਵਾਸੀ ਵਿਤਕਰਾ ਕਰ ਰਹੇ ਹਨ ਅਤੇ ਦੂਜੇ ਪਾਸੇ ਬਿਹਾਰੀ ਭਈਆਂ ਵਲੋਂ ਇਕ ਪੰਜਾਬ ਦੇ ਜਾਪਦੇ ਕਿਸੇ ਰੇਲਵੇ ਸਟੇਸ਼ਨ ‘ਤੇ ਕੰਟੀਨ ਦੇ ਦਰਵਾਜੇ ਤੋੜ ਕੇ ਪਾਣੀ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਸਮੇਤ ਰਿਫਰੈਸ਼ਮੈਂਟ ਦਾ ਸਮਾਨ ਲੁੱਟ ਕੇ ਖੁਸ਼ੀ ਮਨਾਉਂਦੇ ਹੋਏ ਰੇਲ ਗੱਡੀ ‘ਚ ਸਵਾਰ ਹੋ ਰਹੇ ਹਨ। ਸਿੱਖ ਨੌਜਵਾਨ ਦੁਹਾਈਆਂ ਪਾ ਰਿਹਾ ਹੈ ਕਿ ਪਿਛਲੇ ਕਰੀਬ 3 ਦਿਨਾਂ ਤੋਂ ਉਸ ਸਮੇਤ ਅਨੇਕਾਂ ਪੰਜਾਬੀ ਡਰਾਈਵਰਾਂ ਨੂੰ ਫਲੱਸ਼ਾਂ ਦਾ ਪਾਣੀ ਪੀ ਕੇ ਪਿਆਸ ਬੁਝਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਦੱਸਿਆ ਕਿ ਬਿਹਾਰ ਅਤੇ ਕਲਕੱਤਾ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ, ਉੱਥੋਂ ਦੇ ਵਸਨੀਕਾਂ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਪੰਜਾਬੀ ਵਾਹਨ ਚਾਲਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਅੰਤਾਂ ਦੀ ਗਰਮੀ ਦੇ ਬਾਵਜੂਦ ਸਾਰੇ ਕਰੀਬ 3-3 ਦਿਨ ਤੋਂ ਭੁੱਖੇ ਹਨ ਅਤੇ 10 ਰੁਪਏ ਵਾਲੀ ਪਾਣੀ ਦੀ ਬੋਤਲ ਉਨਾਂ ਨੂੰ 100-100 ਰੁਪਏ ਵੇਚੀ ਜਾ ਰਹੀ ਹੈ, ਜਿਸ ਨੂੰ ਖਰੀਦਣ ਤੋਂ ਬਹੁਤੇ ਪੰਜਾਬੀ ਅਸਮਰੱਥ ਹੋ ਕੇ ਰਹਿ ਗਏ ਹਨ। ਉਨਾਂ ਬਲਵੰਤ ਸਿੰਘ ਰਾਮੂਵਾਲੀਆ, ਭਗਵੰਤ ਮਾਨ, ਡਾ. ਐਸਪੀ ਸਿੰਘ ਉਬਰਾਏ, ਰਵੀ ਸਿੰਘ ਖਾਲਸਾ ਐਡ ਯੂ.ਕੇ. ਆਦਿ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਹੈ ਕਿ ਜਾਂ ਤਾਂ ਉਨਾਂ ਦਾ ਉੱਥੋਂ ਵਾਪਸ ਪੰਜਾਬ ਪਹੁੰਚਣਾ ਯਕੀਨੀ ਬਣਾਇਆ ਜਾਵੇ ਤੇ ਜਾਂ ਲੰਗਰ ਦਾ ਪ੍ਰਬੰਧ ਹੋਵੇ ਨਹੀਂ ਤਾਂ ਬਹੁਤ ਸਾਰੇ ਪੰਜਾਬੀ ਭੁੱਖਮਰੀ ਦਾ ਸ਼ਿਕਾਰ ਹੋ ਕੇ ਰੱਬ ਨੂੰ ਪਿਆਰੇ ਹੋ ਜਾਣਗੇ।