ਪਤਨੀ ਦੇ ਕਤਲ ਤੋਂ ਬਾਅਦ ਪਤੀ ਨੇ ਖ਼ੁਦ ਵੀ ਲਿਆ ਫਾਹਾ

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ, ਸੁਖਵੰਤ ਸਿੰਘ) : ਨਜਦੀਕੀ ਪਿੰਡ ਕਾਨਿਆਂਵਾਲੀ ‘ਚ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੋਂ ਬਾਅਦ ਖੁਦ ਦਰਖੱਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਪਿੱਛੇ ਕੀ ਵਜ੍ਹਾ ਹੈ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕਾਨਿਆਂਵਾਲੀ ਜੋ ਕਿ ਸੋਮਵਾਰ ਦੁਪਹਿਰ ਕਰੀਬ 12 ਵਜੇ ਆਪਣੀ ਪਤਨੀ ਅਮਰਜੀਤ ਕੌਰ ਨਾਲ ਲੱਕੜ ਬਾਲਣ ਲੈਣ ਲਈ ਗਿਆ ਸੀ ਜਿੱਥੇ ਉਸਨੇ ਆਪਣੀ ਪਤਨੀ ਅਮਰਜੀਤ ਕੌਰ (38) ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਅਤੇ ਆਪ ਰਾਜ ਸਿੰਘ (40) ਨੇ ਇਕ ਦਰੱਖਤ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਜੋ ਪਿੱਛੇ ਦੋ ਬੱਚੇ ਛੱਡ ਗਿਆ। ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਹਰਪ੍ਰੀਤ ਸਿੰਘ ਮੁਨਸ਼ੀ ਥਾਣਾ ਸਦਰ ਨੇ ਦੱਸਿਆ ਕਿ ਸਾਨੂੰ ਫੋਨ ਤੇ ਇਸ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ । ਸਾਡੇ ਵੱਲੋਂ ਤਫ਼ਤੀਸ਼ ਜਾਰੀ ਹੈ। ਉਸਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।