ਪਹਿਲਾਂ ਸੈਂਪਲ ਲਏ ਤੇ ਫਿਰ ਮਿ੍ਰਤਕ ਦੀ ਭੈਣ ਦੇ ਪਿੰਡ ’ਚ ਹੀ ਕੀਤਾ ਅੰਤਿਮ ਸਸਕਾਰ

ਕੋਟਕਪੂਰਾ, 14 ਮਈ (ਗੁਰਿੰਦਰ ਸਿੰਘ) :- ਨੇੜਲੇ ਪਿੰਡ ਢਿੱਲਵਾਂ ਕਲਾਂ ਵਿਖੇ ਇਕ ਖੇਡ ਪ੍ਰਮੋਟਰ ਨੌਜਵਾਨ ਦੀ ਭੇਦਭਰੀ ਹਾਲਤ ’ਚ ਹੋਈ ਮੌਤ ਨਾਲ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਭਾਜੜਾਂ ਪੈ ਗਈਆਂ। ਕਿਉਂਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਸਦੀ ਮੌਤ ਸ਼ੱਕੀ ਹਾਲਤ ’ਚ ਹੋਣ ਕਾਰਨ ਇਸ ਦਾ ਕੋਰੋਨਾ ਬਿਮਾਰੀ ਦਾ ਟੈਸਟ ਹੋਣਾ ਚਾਹੀਦਾ ਹੈ। ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਅਤੇ ਰਜਿੰਦਰ ਸਿੰਘ ਸਰਾਂ ਤਹਿਸੀਲਦਾਰ ਦੀ ਅਗਵਾਈ ਵਾਲੀਆਂ ਟੀਮਾਂ ਨੇ ਪਿੰਡ ਵਾਸੀਆਂ ਦੇ ਕਹਿਣ ’ਤੇ ਡਾ ਅਵਤਾਰ ਸਿੰਘ ਗੋਂਦਾਰਾ ਐਸਐਮਓ ਬਾਜਾਖਾਨਾ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ, ਕੋੋਰੋਨਾ ਵਾਇਰਸ ਦੀ ਬਿਮਾਰੀ ਦਾ ਸ਼ੱਕ ਕੱਢਣ ਲਈ ਸੈਂਪਲ ਲੈ ਕੇ ਜਾਂਚ ਵਾਸਤੇ ਲੈਬਾਰਟਰੀ ਨੂੰ ਭੇਜ ਦਿੱਤੇ ਅਤੇ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਉਸਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਜ 32 ਸਾਲਾ ਨੌਜਵਾਨ ਬਲਦੇਵ ਸਿੰਘ ਖੋਸਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਪਿੰਡ ਲੰਡੇ (ਮੋਗਾ) ਖੇਡ ਪ੍ਰਮੋਟਰ ਹੋਣ ਕਾਰਨ ਅਕਸਰ ਪੰਜਾਬ ਭਰ ’ਚ ਹੋਣ ਵਾਲੇ ਖੇਡ ਮੇਲਿਆਂ ’ਚ ਸ਼ਮੂਲੀਅਤ ਕਰਨ ਦਾ ਸ਼ੌਂਕ ਰੱਖਦਾ ਸੀ। ਪਿਛਲੇ ਦਿਨੀਂ ਉਸਦੀ ਅਚਾਨਕ ਡਿੱਗਣ ਕਾਰਨ ਛਾਤੀਆਂ ਦੀਆਂ ਪਸਲੀਆਂ ’ਤੇ ਸੱਟ ਲੱਗ ਗਈ, ਉਸ ਨੇ ਇਕ ਹੱਡੀਆਂ ਤੇ ਜੋੜਾਂ ਦੇ ਮਾਹਰ ਤੋਂ ਇਲਾਜ ਕਰਵਾਇਆ ਅਤੇ ਨੇੜਲੇ ਪਿੰਡ ਢਿੱਲਵਾਂ ਕਲਾਂ ਵਿਖੇ ਆਪਣੀ ਭੈਣ ਦੇ ਘਰ ਚਲਾ ਗਿਆ। ਉੱਥੇ ਖੰਘ-ਜੁਕਾਮ ਦੀ ਸ਼ਿਕਾਇਤ ਹੋਣ ਕਾਰਨ ਵਾਪਸ ਆਪਣੇ ਪਿੰਡ ਲੰਡੇ ਪਹੁੰਚ ਗਿਆ ਪਰ ਅੱਜ ਜਦ ਉਹ ਮੋਟਰਸਾਈਕਲ ’ਤੇ ਦੁਬਾਰਾ ਫਿਰ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਢਿੱਲਵਾਂ ਕਲਾਂ ਵਿਖੇ ਆਇਆ ਤਾਂ ਉਸਦੀ ਅਚਾਨਕ ਮੌਤ ਹੋ ਗਈ। ਬਲਕਾਰ ਸਿੰਘ ਸੰਧੂ ਡੀਐਸਪੀ ਅਤੇ ਰਜਿੰਦਰ ਸਿੰਘ ਸਰਾਂ ਤਹਿਸੀਲਦਾਰ ਨੇ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ, ਉਂਝ ਉਨਾਂ ਦੱਸਿਆ ਕਿ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਸਿਹਤ ਵਿਭਾਗ ਦੀ ਪੀਪੀਈ ਕਿੱਟਾਂ ਨਾਲ ਲੈੱਸ ਟੀਮ ਵਲੋਂ ਹੀ ਉਸਦਾ ਢਿੱਲਵਾਂ ਕਲਾਂ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।