ਪੰਜਾਬ ਦੇ ਵਿੱਤ ਮੰਤਰੀ ਦੇ ਪਿਤਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਗੁਰਦਾਸ ਬਾਦਲ ਨੂੰ ਪਿੰਡ ਬਾਦਲ ਵਿਖੇ ਦਿੱਤੀ ਅੰਤਿਮ ਵਿਦਾਇਗੀ

ਕੋਵਿਡ-19 ਮਹਾਮਾਰੀ ਦੇ ਚਲਦਿਆਂ ਪਰਿਵਾਰ ਵਲੋਂ ਇੱਕਠ ਨਾ ਹੋਣ ਦੀ ਕੀਤੀ ਗਈ ਅਪੀਲ

ਸ੍ਰੀ ਮੁਕਤਸਰ ਸਾਹਿਬ/ ਮਲੋਟ 15 ਮਈ(ਤੇਜਿੰਦਰ ਧੂੜੀਆ, ਕ੍ਰਿਸ਼ਨ ਮਿੱਡਾ) । ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਬਾਦਲ ਦੇ ਪਿਤਾ ਸ. ਗੁਰਦਾਸ ਬਾਦਲ ਜੋ ਕਿ 90 ਸਾਲਾਂ ਦੇ ਸਨ ਦਾ ਦਿਹਾਂਤ ਕੱਲ ਦੇਰ ਰਾਤ ਮੌਹਾਲੀ ਦੇ ਫੋਰਟੀਜ਼ ਹਸਪਤਾਲ ਵਿਖੇ ਹੋਣ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ੁਕਰਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਬਾਦਲ  ਵਿਖੇ ਕੀਤਾ ਗਿਆ। ਜਿਸ ਵਿੱਚ ਡੇਰਾ ਰਾਧਾ ਸਵਾਮੀ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ।  ਕੋਵਿਡ-19 ਮਹਾਮਾਰੀ ਦੇ ਚਲਦਿਆਂ ਸ. ਗੁਰਦਾਸ ਬਾਦਲ ਦੇ ਪਰਿਵਾਰ ਵਲੋਂ ਅਤੇ ਸ. ਮਨਪ੍ਰੀਤ ਬਾਦਲ ਵਲੋਂ ਇੱਕਠ ਨਾ ਕਰਨ ਦੀ ਅਪੀਲ ਵੀ ਕੀਤੀ ਗਈ। ਸ. ਮਨਪ੍ਰੀਤ ਬਾਦਲ ਨੇ ਪੰਜਾਬ ਵਾਸੀਆਂ ਨੂੰ ਸੰਬੋਧਿਤ ਹੁੰਦੇ ਹੋਏ ਇੱਕ ਭਾਵੂਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ 70 ਸਾਲ ਦੀ ਉਮਰ ਤੱਕ ਆਮ ਜਨਤਾ ਨਾਲ ਵਿਚਰਦੇ ਰਹੇ। ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਦਾ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਅਰੁਣ ਮਿੱਤਲ ਆਈ.ਜੀ ਬਠਿੰਡਾ ਵਲੋਂ ਪੰਜਾਬ ਦੇ ਗਵਰਨਰ ਵਲੋਂ ਭੇਜੀ ਗਈ ਰੀਥ ਸ. ਗੁਰਦਾਸ ਬਾਦਲ ਨੂੰ ਭੇਂਟ ਕੀਤੀ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਬਾਦਲ ਮੈਂਬਰ ਪਾਰਲੀਮੈਂਟ, ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ, ਮੈਡਮ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਗਿੱਦੜਬਾਹਾ ਸ. ਅਮਰਿੰਦਰ ਸਿੰਘ ਰਾਜਾ ਵੜਿੰਗ, ਪੋਤਰਾ ਅਰਜੁਨ ਬਾਦਲ, ਡਾ. ਓਮ ਪ੍ਰਕਾਸ਼, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਰਾਵਿੰਦ ਕੁਮਾਰ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ. ਰਾਬਬਚਨ ਸਿੰਘ ਸੰਧੂ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਦੀਆਂ ਉੱਘੀਆਂ ਸਖਸ਼ੀਅਤ ਵੀ ਹਾਜਰ ਸਨ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸ਼ੌਕ ਸਲਾਮੀ ਦਿੱਤੀ ਗਈ।