ਫਰੀਦਕੋਟ ਜ਼ਿਲੇ ਦੇ 4 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਕੇਸ ਹੋਏ 16

ਕੋਟਕਪੂਰਾ 17 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਸਥਾਪਿਤ ਇਕਾਂਤਵਾਸ ਸੈਂਟਰਾਂ ‘ਚ ਰਹਿ ਰਹੇ ਦੂਜੇ ਸ਼ਰਧਾਲੂਆਂ ਦੇ ਸਿਹਤ ਵਿਭਾਗ ਵੱਲੋਂ ਦੁਬਾਰਾ ਕੁਝ ਇਕੱਤਰ ਕੀਤੇ ਗਏ ਸੈਂਪਲਾਂ ਵਿੱਚੋਂ ਪ੍ਰਾਪਤ ਹੋਈਆਂ ਪਾਜ਼ੇਟਿਵ ਰਿਪੋਰਟਾਂ ਵਾਲੇ ਕੇਸਾਂ ‘ਚ ਨੇੜਲੇ ਪਿੰਡ ਸੰਧਵਾਂ ਦੇ 4 ਵਸਨੀਕਾਂ ‘ਚ ਕੋਰੋਨਾ ਦੇ ਲੱਛਣ ਪਾਏ ਜਾਣ ਨਾਲ ਹੁਣ ਕੁੱਲ ਪੀੜਤਾਂ ਦੀ ਗਿਣਤੀ 16 ਹੋ ਗਈ ਹੈ, ਜਿਨਾ ਵਿਚੋਂ 15 ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਜਦਕਿ 1 ਲੁਧਿਆਣਾ ਵਿਖੇ ਜੇਰੇ ਇਲਾਜ ਹਨ। ਡਾ.ਰਜਿੰਦਰ ਕੁਮਾਰ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਤਹਿਤ ਅੱਜ ਤੱਕ 3493 ਸੈਂਪਲ ਲੈਬ ‘ਚ ਭੇਜੇ ਜਾ ਚੁੱਕੇ ਹਨ,।ਜਿੰਨਾਂ ਵਿੱਚੋਂ 139 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।ਜਦਕਿ ਪ੍ਰਾਪਤ ਨਤੀਜਿਆਂ ਵਿੱਚ 3219 ਰਿਪੋਰਟਾਂ ਨੈਗੇਟਿਵ ਆਈਆਂ ਹਨ।
ਉਨਾਂ ਦੱਸਿਆ ਕਿ ਹੁਣ ਤੱਕ ਫਰੀਦਕੋਟ ਜ਼ਿਲੇ ਦੇ ਕੋਵਿਡ-19 ਤਹਿਤ 44 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਉਪਰੰਤ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਉਨਾ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤੇ ਵਿਅਕਤੀਆਂ ਅਤੇ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰਕੇ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ,।ਜਿੰਨਾਂ ਦੇ ਨਤੀਜੇ ਜਲਦ ਵਿਭਾਗ ਨੂੰ ਮਿਲਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਜਿੰਨਾਂ ਇਕਾਂਤਵਾਸ ਸੈਂਟਰਾਂ ਦੇ ਵਿੱਚ ਰਹਿ ਰਹੇ ਵਿਅਕਤੀਆਂ ਦੀ ਟੈਸਟ ਰਿਪੋਰਟ ਆਉਣੀ ਬਾਕੀ ਹੈ, ਉਨ੍ਹਾਂ ਨੂੰ ਛੱਡ ਕੇ ਬਾਕੀ ਇਕਾਂਤਵਾਸ ਸੈਂਟਰਾਂ ਦੇ ਵਿਅਕਤੀਆਂ ਨੂੰ ਘਰ ਵਾਪਸ ਇਕਾਂਤਵਾਸ ਭੇਜਿਆ ਜਾ ਰਿਹਾ ਹੈ। ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਨੇ ਸਿਹਤ ਵਿਭਾਗ ਦੇ ਮੈਡੀਕਲ, ਪੈਰਾ-ਮੈਡੀਕਲ ਅਤੇ ਰੂਰਲ ਮੈਡੀਕਲ ਅਫਸਰਾਂ ਤੇ ਫਾਰਮਾਸਿਸਟਾਂ ਨੂੰ ਸਾਵਧਾਨੀ ਨਾਲ ਸੇਵਾਵਾਂ ਦੇਣ ਲਈ ਪ੍ਰੇਰਿਤ ਕਰਦਿਆਂ ਮਾਸ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੂੰ ਵੀ ਹਦਾਇਤ ਕੀਤੀ ਕਿ ਆਮ ਲੋਕਾਂ ਤੱਕ ਕੋਰੋਨਾ ਮਰੀਜ਼ਾਂ ਸਬੰਧੀ ਅੰਕੜੇ ਆਈ.ਡੀ.ਐਸ.ਪੀ ਸਟਾਫ ਐਪੇਡਿਮੋਜੋਜਿਸਟ ਡਾ.ਵਿਕਰਮਜੀਤ ਸਿੰਘ ਤੇ ਡਾ.ਅਨੀਤਾ ਚੌਹਾਨ ਨਾਲ ਤਾਲਮੇਲ ਕਰਕੇ ਹੀ ਸਾਂਝੇ ਕੀਤੇ ਜਾਣ।