ਮਹਿਜ 3 ਦਿਨਾਂ ‘ਚ ਕਤਲ ਦੀਆਂ ਦੋ ਵਾਰਦਾਤਾਂ ਕਾਰਨ ਇਲਾਕਾ ਵਾਸੀਆਂ ‘ਚ ਡਰ ਅਤੇ ਸਹਿਮ

ਹੁਣ ਪਿੰਡ ਨਾਨਕਸਰ ਜਦਕਿ ਤਿੰਨ ਦਿਨ ਪਹਿਲਾਂ ਪਿੰਡ ਢੁੱਡੀ ‘ਚ ਹੋਇਆ ਸੀ ਕਤਲ

ਕੋਟਕਪੂਰਾ, 10 ਮਈ (ਗੁਰਿੰਦਰ ਸਿੰਘ) :- ਦੇਸ਼ ਭਰ ‘ਚ ਹੋਈ ਤਾਲਾਬੰਦੀ ਅਤੇ ਲੱਗੇ ਕਰਫੀਊ ਦੇ ਬਾਵਜੂਦ ਜਿਲੇ ਅੰਦਰ ਮਹਿਜ 3 ਦਿਨਾਂ ‘ਚ ਦੋ ਕਤਲ ਦੀਆਂ ਵਾਰਦਾਤਾਂ ਵਾਪਰਣ ਨਾਲ ਲੋਕਾਂ ‘ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਹੈ। ਅਜੇ 3 ਦਿਨ ਪਹਿਲਾਂ ਨੇੜਲੇ ਪਿੰਡ ਢੁੱਡੀ ਵਿਖੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਸਥਾਨਕ ਸਿਟੀ ਥਾਣੇ ਵਿਖੇ ਦਿੱਤੇ ਬਿਆਨਾ ‘ਚ ਗਿਆਨਜੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਕੋਠੇ ਨਾਨਕਸਰ ਨੇ ਦੱਸਿਆ ਕਿ ਉਨਾਂ ਦੇ ਤਾਏ ਦੇ ਲੜਕਿਆਂ ਨਾਲ ਜਗਾ ਦੇ ਵਿਵਾਦ ਕਾਰਨ ਪਹਿਲਾਂ ਵੀ ਝਗੜਾ ਹੋਇਆ ਸੀ ਤੇ ਮੇਰੇ ਪਿਤਾ ਨੈਬ ਸਿੰਘ ਵਲੋਂ ਤਾਏ ਦੇ ਲੜਕਿਆਂ ਰਮਨਦੀਪ ਸਿੰਘ ਵਗੈਰਾ ਖਿਲਾਫ ਪਿਛਲੇ ਸਾਲ 7 ਸਤੰਬਰ ਨੂੰ ਸਿਟੀ ਥਾਣੇ ਵਿਖੇ ਬਕਾਇਦਾ ਮਾਮਲਾ ਵੀ ਦਰਜ ਕਰਵਾਇਆ ਸੀ। ਸ਼ਿਕਾਇਤ ਕਰਤਾ ਮੁਤਾਬਿਕ ਬੀਤੀ ਸ਼ਾਮ ਕਰੀਬ 6:00 ਵਜੇ ਉਸਦਾ ਪਿਤਾ ਰੇਹੜੀ ਵਾਲੇ ਤੋਂ ਸਬਜੀ ਲੈਣ ਲਈ ਗਿਆ ਤਾਂ ਰਮਨਦੀਪ ਸਿੰਘ ਤੇ ਉਸਦਾ ਭਰਾ ਬੱਬੂ ਪੁੱਤਰਾਨ ਅਮਰਜੀਤ ਸਿੰਘ, ਗੁਰਜੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀਆਨ ਨਾਨਕਸਰ ਨੇ ਉਸਦੇ ਪਿਤਾ ਨੈਬ ਸਿੰਘ ਨਾਲ ਲੜਾਈ-ਝਗੜਾ ਸ਼ੁਰੂ ਕਰ ਦਿੱਤਾ। ਉਸ ਸਮੇਂ ਪਿੰਡ ਦਾ ਸਰਪੰਚ ਗੁਰਸੇਵਕ ਸਿੰਘ ਨੀਲਾ ਵੀ ਕੋਲ ਖੜਾ ਸੀ। ਸ਼ਿਕਾਇਤ ਕਰਤਾ ਮੁਤਾਬਿਕ ਰਮਨਦੀਪ ਸਿੰਘ ਅਤੇ ਬੱਬੂ ਨੇ ਕਾਪੇ ਅਤੇ ਸੱਬਲ ਨਾਲ ਉਸਦੇ ਪਿਤਾ ਉੱਪਰ ਹਮਲਾ ਕਰ ਦਿੱਤਾ ਅਤੇ ਗੁਰਜੀਤ ਸਿੰਘ ਨੇ ਵੀ ਦਸਤੀ-ਦਸਤੇ ਨਾਲ ਸੱਟਾਂ ਮਾਰੀਆਂ। ਗੁਆਂਢੀਆਂ ਦੇ ਇਕੱਠੇ ਹੋਣ ‘ਤੇ ਉਹ ਭੱਜ ਗਏ ਤੇ ਐਂਬੂਲੈਂਸ ਰਾਂਹੀ ਨੈਬ ਸਿੰਘ ਨੂੰ ਗੰਭੀਰ ਜਖਮੀ ਹਾਲਤ ‘ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ। ਜਿੱਥੇ ਉਹ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਤਫਤੀਸ਼ੀ ਅਫਸਰ ਥਾਣਾ ਮੁਖੀ ਰਾਜਬੀਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਰਮਨਦੀਪ ਸਿੰਘ, ਬੱਬੂ ਸਿੰਘ, ਗੁਰਜੀਤ ਸਿੰੰਘ ਅਤੇ ਗੁਰਸੇਵਕ ਸਿੰਘ ਨੀਲਾ ਸਰਪੰਚ ਖਿਲਾਫ ਆਈਪੀਸੀ ਦੀ ਧਾਰਾ 302/34/506 ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਸੰਪਰਕ ਕਰਨ ‘ਤੇ ਸਰਪੰਚ ਗੁਰਸੇਵਕ ਸਿੰਘ ਨੀਲਾ ਨੇ ਦੱਸਿਆ ਕਿ ਉਸਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ।