ਮੁਕਤਸਰ ਦੇ ਕਈ ਬਾਜ਼ਾਰ ਸੁੰਨੇ ਤੇ ਕਈਆਂ ’ਚ ਮੇਲੇ ਵਰਗਾ ਮਾਹੌਲ

ਸ੍ਰੀ ਮੁਕਤਸਰ ਸਾਹਿਬ, (ਸੁਖਵੰਤ ਸਿੰਘ)-ਸ਼ਹਿਰ ’ਚ ਇੱਕ ਪਾਸੇ ਜਿਥੇ ਕਈ ਬਜ਼ਾਰਾਂ ’ਚ ਸੰਨਾਟਾ ਛਾਇਆ ਨਜ਼ਰ ਆਇਆ, ਉਥੇ ਦੂਜੇ ਪਾਸੇ ਕਈ ਬਜ਼ਾਰਾਂ ’ਚ ਖੂਬ ਰੌਣਕ ਲੱਗੀ ਦਿਖ ਰਹੀ ਸੀ। ਜਿਵੇਂ ਮੇਲੇ ਵਰਗੇ ਮਾਹੌਲ ਨਜ਼ਰ ਆ ਰਿਹਾ ਹੈ। ਇਸਦਾ ਕਾਰਨ ਪ੍ਰਸ਼ਾਸ਼ਨ ਵੱਲੋਂ ਕਰਿਆਨਾ, ਮੈਡੀਕਲ, ਸਮੇਤ ਕਈ ਦੁਕਾਨਾਂ ਨੂੰ ਛੂਟ ਦੇਣਾ ਹੈ ਤਾਂ ਦੂਜੇ ਪਾਸੇ ਮਨਿਆਰੀ, ਬੂਟਾ ਵਿਕਰੇਤਾ, ਕੱਪੜਾ ਵਪਾਰੀ ਸਮੇਤ ਹੋਰ ਕਈ ਦੁਕਾਨਦਾਰਾਂ ਨੂੰ ਅਜੇ ਤੱਕ ਛੂਟ ਨਾ ਮਿਲਣ ਨਾਲ ਇਹਨਾਂ ਦੀਆਂ ਦੁਕਾਨਾਂ ਬੰਦਾਂ ਹਨ। ਜਿਸ ਨਾਲ ਅਜਿਹੇ ਦੁਕਾਨਦਾਰਾਂ ’ਚ ਪ੍ਰਸ਼ਾਸ਼ਨ ਵੱਲੋਂ ਇੱਕ ਤਰਫ਼ਾ ਨੀਤੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।
ਮਨਿਆਰੀ, ਬੂਟਾ ਵਿਕਰੇਤਾ ਤੇ ਹੋਰ ਦੁਕਾਨਦਾਰਾਂ ਨੇ ਵੀ ਪ੍ਰਸ਼ਾਸ਼ਨ ਤੋਂ ਕੁਝ ਸਮੇਂ ਦੇ ਲਈ ਦੁਕਾਨਾਂ ਖੋਲਣ ਦੀ ਮਨਜ਼ੂਰੀ ਦੇਣ ਨੂੰ ਕਿਹਾ ਹੈ ਤਾਂ ਕਿ ਉਹ ਵੀ ਇਸ ਸੰਕਟ ਦੀ ਘੜੀ ’ਚ ਆਪਣੇ ਕਾਰੋਬਾਰ ਸ਼ੁਰੂ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਟਿੱਬੀ ਰੋਡ ਸਥਿਤ ਬਾਘਲਾ ਮਾਰਕਿਟ ਦੇ ਦੁਕਾਨਦਾਰ ਰਮਨਦੀਪ ਕੁਮਾਰ ਅਤੇ ਸੁਰਿੰਦਰ ਕੁਮਾਰ ਸਮੇਤ ਹੋਰਾਂ ਨੇ ਪ੍ਰਸ਼ਾਸਨ ਤੋਂ ਉਹਨਾਂ ਨੂੰ ਵੀ ਦੁਕਾਨਾਂ ਖੋਲਣ ਦੇ ਲਈ ਕੁਝ ਸਮੇਂ ਦੀ ਛੂਟ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਉਹਨਾਂ ਕਿਹਾ ਕਿ ਪ੍ਰਸ਼ਾਸਨ ਉਹਨਾਂ ਨੂੰ ਛੂਟ ਦਿੰਦਾ ਹੈ ਤਾਂ ਉਹ ਇਸਦਾ ਨਜਾਇਜ਼ ਫਾਇਦਾ ਨਹੀਂ ਉਠਾਉਣਗੇ ਅਤੇ ਨਿਯਮਾਂ ਦਾ ਪਾਲਣ ਕਰਦੇ ਹੋਏ ਕੰਮ ਕਰਨਗੇ।
ਫੋਟੋ ਕੈਪਸ਼ਨ: ਮੁਕਤਸਰ ਦੇ ਬਾਘਲਾ ਮਾਰਕਿਟ ’ਚ ਬੰਦ ਮਨਿਆਰੀ, ਬੂਟ ਵਿਕਰੇਤਾ ਤੇ ਕੱਪੜਾ ਵਪਾਰੀਆਂ ਦੀਆਂ ਦੁਕਾਨਾਂ ਅਤੇ ਮੁਕਤਸਰ ਦੇ ਟਿੱਬੀ ਸਾਹਿਬ ਰੋਡ ’ਤੇ ਖੁੱਲੀਆਂ ਹੋਰ ਦੁਕਾਨਾਂ।