ਮੋਟਰਸਾਈਕਲ ਦੀ ਚੈਨ ’ਚ ਦੁਪੱਟਾ ਫਸਣ ਕਾਰਨ ਔਰਤ ਦਾ ਸਿਰ ਧੜ ਨਾਲੋਂ ਹੋਇਆ ਅਲੱਗ

ਕੋਟਕਪੂਰਾ, (ਗੁਰਿੰਦਰ ਸਿੰਘ) :- ਕਿਸੇ ਗੁਆਂਢੀ ਨਾਲ ਮੁਕਤਸਰ ਜਾ ਰਹੀ ਬਜੁਰਗ ਔਰਤ ਦੀ ਮੋਟਰਸਾਈਕਲ ਦੀ ਚੇਨ ’ਚ ਦੁਪੱਟਾ ਫਸ ਜਾਣ ਕਾਰਨ ਮੌਤ ਹੋਣ ਦੀ ਦੁਖਦਾਇਕ ਖਬਰ ਮਿਲੀ ਹੈ। ਦੁਰਘਟਨਾ ਐਨੀ ਦਰਦਨਾਕ ਅਤੇ ਦਿਲ ਕੰਬਾਊ ਸੀ ਕਿ ਉਕਤ ਔਰਤ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 65 ਸਾਲਾ ਬਜੁਰਗ ਔਰਤ ਸੁਖਪਾਲ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਘੁਮਿਆਰਾਂ ਵਾਲੀ ਗਲੀ ਸੁਰਗਾਪੁਰੀ ਮੁਕਤਸਰ ਰੋਡ ਕੋਟਕਪੂਰਾ ਰੇਲ ਗੱਡੀ ਅਤੇ ਬੱਸ ਸਰਵਿਸ ਨਾ ਹੋਣ ਕਰਕੇ ਆਪਣੇ ਗੁਆਂਢੀ ਨਾਲ ਮੋਟਰਸਾਈਕਲ ’ਤੇ ਬੇਟੀ ਨੂੰ ਮਿਲਣ ਲਈ ਜਾ ਰਹੀ ਸੀ ਕਿ ਇੱਥੋਂ ਕਰੀਬ 6 ਕਿਲੋਮੀਟਰ ਦੀ ਦੂਰੀ ’ਤੇ ਸਥਿੱਤ ਪਿੰਡ ਵਾੜਾਦਰਾਕਾ ਦੇ ਡੋਲਫਿਨ ਪਬਲਿਕ ਸਕੂਲ ਨੇੜੇ ਉਸਦਾ ਦੁਪੱਟਾ ਮੋਟਰਸਾਈਕਲ ਦੇ ਚੈਨ ਸੈੱਟ ’ਚ ਆ ਗਿਆ, ਜਦੋਂ ਤੱਕ ਮੋਟਰਸਾਈਕਲ ਸਵਾਰ ਸੰਭਲਦਾ ਉਦੋਂ ਤੱਕ ਸੁਖਪਾਲ ਕੌਰ ਦੀ ਗਰਦਨ ਦੁਪੱਟੇ ’ਚ ਬੁਰੀ ਤਰਾਂ ਜਕੜ ਜਾਣ ਕਾਰਨ ਸਿਰ ਧੜ ਤੋਂ ਵੱਖਰਾ ਹੋ ਗਿਆ।
ਘਟਨਾ ਸਥਾਨ ’ਤੇ ਪੁੱਜੇ ਕਾਂਗਰਸ ਕਮੇਟੀ ਦੇ ਜਿਲਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜਿੱਥੇ ਹਮਦਰਦੀ ਦਾ ਇਜਹਾਰ ਕੀਤਾ, ਉੱਥੇ ਪੁਲਿਸ ਅਧਿਕਾਰੀਆਂ ਨੂੰ ਪੀੜਤ ਪਰਿਵਾਰ ਦਾ ਸਾਥ ਦੇਣ ਬਾਰੇ ਆਖਿਆ। ਥਾਣਾ ਮੁਖੀ ਮੈਡਮ ਬੇਅੰਤ ਕੌਰ ਨੇ ਦੱਸਿਆ ਕਿ ਏਐਸਆਈ ਹਾਕਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮਿ੍ਰਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।