ਲਗਾਤਾਰ ਪੰਜ ਸਾਲ ਸੇਵਾ ਕਰਕੇ ਪੁੱਤਾਂ ਵਾਂਗੂੰ ਪਾਲੇ ਬੂਟਿਆਂ ਨੂੰ ਜਾਣਬੁੱਝ ਕੇ ਅੱਗ ਨਾਲ ਸਾੜਨ ਦਾ ਦੋਸ਼

ਕੋਟਕਪੂਰਾ, (ਅਰਸ਼ਦੀਪ ਸਿੰਘ ਅਰਸ਼ੀ) :- ਭਾਵੇਂ ਕਣਕ ਦਾ ਨਾੜ ਸਾੜਨ ਵਾਲਿਆਂ ਖਿਲਾਫ ਜਿਲਾ ਪ੍ਰਸ਼ਾਸ਼ਨ ਵਲੋਂ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ ਪਰ ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਕੋਠੇ ਹਵਾਨਾ ਵਿਖੇ ਕਣਕ ਦਾ ਨਾੜ ਸਾੜਨ ਦੇ ਬਹਾਨੇ ਪੰਜ ਸਾਲ ਦੇ ਤਿਆਰ ਬੂਟੇ ਸਾੜਨ ਦੀ ਖਬਰ ਮਿਲੀ ਹੈ। ਸਥਾਨਕ ਸਦਰ ਥਾਣੇ ਦੇ ਐੱਸਐੱਚਓ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਹਰਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਕੋਠੇ ਹਵਾਨਾ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਅਤੇ ਖੇਤ ਦੀਆਂ ਪਹੀਆਂ ’ਤੇ ਲਗਭਗ 400 ਛੋਟੇ ਵੱਡੇ ਬੂਟੇ ਲਾਏ ਹੋਏ ਹਨ, ਜਿੰਨਾ ਨੂੰ ਉਹ ਆਪਣੇ ਪਰਿਵਾਰ ਸਮੇਤ ਪੁੱਤਾਂ ਵਾਂਗੂੰ ਪਿਆਰ ਕਰਦਾ ਹੈ ਪਰ ਉਸਦੇ ਗੁਆਂਢੀਆਂ ਖੁਸ਼ਵਿੰੰਦਰ ਸਿੰਘ ਪੁੱਤਰ ਅਜੈਬ ਸਿੰਘ ਤੇ ਹੋਰਨਾ ਨੇ ਨਾਲ ਲੱਗਦੇ ਵਾਹਣ ’ਚ ਕਣਕ ਦੇ ਨਾੜ ਨੂੰ ਅੱਗ ਲਾ ਦਿੱਤੀ, ਪੌਦੇ ਸੜਨ ਬਾਰੇ ਜਦ ਮੌਕੇ ’ਤੇ ਉਸਦੀ ਪਤਨੀ ਨੇ ਰੋਕਣਾ ਚਾਹਿਆ ਤਾਂ ਉਨਾਂ ਪ੍ਰਵਾਹ ਨਾ ਕੀਤੀ।
ਅੱਜ ਟੀਵੀ ਚੈਨਲਾਂ ਦੇ ਕੈਮਰਿਆਂ ਸਾਹਮਣੇ ਦਾਦਾ ਨਿਰੰਜਨ ਸਿੰਘ, ਮੈਂਬਰ ਪੰਚਾਇਤਾਂ ਗੁਰਦੀਪ ਸਿੰਘ ਅਤੇ ਅੰਮਿ੍ਰਤਪਾਲ ਸਿੰਘ ਦੀ ਹਾਜਰੀ ’ਚ ਭਾਵੁਕ ਹੋਏ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਸੜੇ ਹੋਏ ਪੌਦਿਆਂ ਦੀਆਂ ਤਸਵੀਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਡਿਪਟੀ ਕਮਿਸ਼ਨਰ ਨੂੰ ਸੋਂਪ ਦਿੱਤੀਆਂ ਗਈਆਂ ਹਨ। ਉਨਾ ਦੱਸਿਆ ਕਿ ਆਪਣੇ ਬੱਚਿਆਂ ਦੀ ਤਰਾਂ ਲਗਾਤਾਰ ਪੰਜ ਸਾਲ ਸੇਵਾ ਕਰਕੇ ਪਾਲੇ ਬੂਟਿਆਂ ਨੂੰ ਅੱਗ ਦਾ ਹਵਾਲੇ ਕਰ ਦੇਣ ਵਾਲੀ ਘਟਨਾ ਉਸਦੇ ਬਰਦਾਸ਼ਤ ਤੋਂ ਬਾਹਰ ਹੈ। ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਅਤੇ ਵਣ ਵਿਭਾਗ ਦੇ ਰੇਂਜ਼ ਅਫਸਰ ਸੁਖਦਰਸ਼ਨ ਸਿੰਘ ਬਾਜਾਖਾਨਾ ਮੁਤਾਬਿਕ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।