ਲਾਭਪਾਤਰੀਆਂ ਦੀ ਸ਼ਿਕਾਇਤ ’ਤੇ ਐਸਡੀਐਮ ਨੇ ਕੀਤੀ ਛਾਪਾਮਾਰੀ, ਡੀਪੂ ਹੋਲਡਰ ਨਾਮਜਦ ਪਿਛਲੇ ਲੰਮੇ ਸਮੇਂ ਤੋਂ ਸਸਤੇ ਰਾਸ਼ਨ ’ਚ ਘਪਲੇ ਬਾਰੇ ਹੋ ਰਹੀਆਂ ਸਨ ਸ਼ਿਕਾਇਤਾਂ

ਕੋਟਕਪੂਰਾ, 4 ਮਈ (ਗੁਰਿੰਦਰ ਸਿੰਘ) :- ਇਕ ਪਾਸੇ ਲੋਕ ਵਿਸ਼ਵਵਿਆਪੀ ਮਹਾਂਮਾਰੀ ਨਾਲ ਲੜ ਰਹੇ ਹਨ, ਡਰ ਅਤੇ ਸਹਿਮ ਦੇ ਮਾਹੌਲ ’ਚ ਸਮਾਂ ਬਤੀਤ ਕਰਨ ਲਈ ਮਜਬੂਰ ਹਨ, ਕਿਉਂਕਿ ਰੁਜਗਾਰ ਖੁਸ ਗਿਆ ਤੇ ਭਵਿੱਖ ਦੀ ਮੁਸੀਬਤ ਦਾ ਡਰ ਸਤਾ ਰਿਹਾ ਹੈ ਪਰ ਦੂਜੇ ਪਾਸੇ ਕੁਝ ਲੋਕ ਅਜੇ ਵੀ ਬੇਈਮਾਨੀ ਜਾਂ ਕਾਲਾਬਜਾਰੀ ਦਾ ਧੰਦਾ ਕਰਨ ਤੋਂ ਬਾਜ ਨਹੀਂ ਆ ਰਹੇ। ਸਥਾਨਕ ਦੇਵੀਵਾਲਾ ਰੋਡ ’ਤੇ ਸਥਿੱਤ ਸਰਕਾਰੀ ਰਾਸ਼ਨ ਦੇ ਡੀਪੂ ਸੰਚਾਲਕ ਖਿਲਾਫ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਲਾਭਪਾਤਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਮੇਜਰ ਅਮਿਤ ਸਰੀਨ ਐੱਸਡੀਐੱਮ ਨੇ ਖੁਦ ਛਾਪਾਮਾਰੀ ਕਰਦਿਆਂ ਮੌਕੇ ’ਤੇ ਨਿਰੀਖ਼ਕ ਖ਼ੁੁਰਾਕ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ ਨੂੰ ਬੁਲਾ ਕੇ ਤੁਰੰਤ ਕਾਰਵਾਈ ਕਰਨ ਦਾ ਆਦੇਸ਼ ਦਿੱਤਾ। ਨਿਰੀਖ਼ਕ ਸ਼ਮਾ ਗੋਇਲ ਦੀ ਸ਼ਿਕਇਤ ’ਤੇ ਪੁਲਿਸ ਨੇ ਤੁਰਤ ਮਾਮਲਾ ਦਰਜ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਪੀਐੱਲ ਪਰਿਵਾਰਾਂ ਨੂੰ ਮੁਫਤ ਭੇਜੀ ਗਈ ਕਣਕ ਅਤੇ ਹੋਰ ਰਾਸ਼ਨ ਵੰਡਣ ’ਚ ਗਬਨ ਕਰਨ ਦੀ ਕੋਸ਼ਿਸ਼ ਡੀਪੂ ਸੰਚਾਲਕ ਨੂੰ ਐਨੀ ਮਹਿੰਗੀ ਪਈ ਕਿ ਉਸਦਾ ਲਾਇਸੰਸ ਰੱਦ ਹੋ ਗਿਆ ਤੇ ਮਾਮਲਾ ਦਰਜ ਕਰਵਾਉਣ ਦਾ ਦਾਗ ਵੀ ਲੱਗ ਗਿਆ। ਉਕਤ ਮਾਮਲੇ ਦਾ ਦਿਲਚਸਪ ਅਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਵਲੋਂ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਰਾਸ਼ਨ ਵੰਡਣ ’ਚ ਵਿਤਕਰੇਬਾਜੀ ਦੇ ਦੋਸ਼ ਲਾਏ ਜਾ ਰਹੇ ਹਨ ਪਰ ਉਕਤ ਡੀਪੂ ਹੋਲਡਰ ਵੀ ਇਕ ਭਾਜਪਾ ਆਗੂ ਦਾ ਨੇੜਲਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਜਦੋਂ ਤਤਕਾਲੀਨ ਅਕਾਲੀ-ਭਾਜਪਾ ਸਰਕਾਰ ਨੇ ਸਸਤੇ ਰੇਟਾਂ ’ਤੇ ਕਣਕ ਅਤੇ ਹੋਰ ਰਾਸ਼ਨ ਮੁਹੱਈਆ ਕਰਵਾਉਣ ਦੀ ਸਕੀਮ ਚਲਾਈ ਸੀ ਤਾਂ ਅਕਾਲੀਆਂ ਤੇ ਭਾਜਪਾਈਆਂ ਨੇ ਆਪਣੇ ਚਹੇਤਿਆਂ ਨੂੰ ਸਰਕਾਰੀ ਰਾਸ਼ਨ ਡੀਪੂਆਂ ਦੇ ਲਾਇਸੰਸ ਅਲਾਟ ਕੀਤੇ ਸਨ। ਲਾਭਪਾਤਰੀ ਅਕਸਰ ਗਰੀਬਾਂ ਲਈ ਘੱਟ ਰੇਟ ਜਾਂ ਮੁਫਤ ਅਨਾਜ ਸਬੰਧੀ ਲੰਮੇ ਸਮੇਂ ਤੋਂ ਘੁਟਾਲੇ ਕਰਨ ਬਾਰੇ ਸ਼ਿਕਾਇਤਾਂ ਕਰਦੇ ਆ ਰਹੇ ਹਨ। ਸੂਤਰ ਦੱਸਦੇ ਹਨ ਕਿ ਕਾਂਗਰਸ ਖਿਲਾਫ ਵਰਤ ਰੱਖਣ ਵਾਲੇ ਭਾਜਪਾ ਆਗੂਆਂ ਨੇ ਆਪਣੇ ਰਿਸ਼ਤੇਦਾਰ ਨੂੰ ਬਚਾਉਣ ਲਈ ਕਈ ਕਾਂਗਰਸੀ ਆਗੂਆਂ ਨਾਲ ਸੰਪਰਕ ਕੀਤਾ ਪਰ ਮੇਜਰ ਅਮਿਤ ਸਰੀਨ ਐਸਡੀਐਮ ਕੋਟਕਪੂਰਾ ਦੀ ਸਖਤੀ ਕਾਰਨ ਕਿਸੇ ਕਾਂਗਰਸੀ, ਅਕਾਲੀ ਜਾਂ ਭਾਜਪਾ ਆਗੂ ਨੇ ਉਸਦੀ ਮੱਦਦ ਕਰਨ ਦੀ ਹਾਮੀ ਨਾ ਭਰੀ। ਅੱਜ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਸੰਗਤ ਸਿੰਘ ਮੱਕੜ ਨੇ ਆਪਣੀ ਨਿਗਰਾਨੀ ਹੇਠ ਉਕਤ ਰੱਦ ਕੀਤੇ ਗਏ ਡੀਪੂ ਨਾਲ ਜੁੜੇ ਲਾਭਪਾਤਰੀਆਂ ’ਚ ਮੁਫਤ ਕਣਕ ਅਤੇ ਹੋਰ ਰਾਸ਼ਨ ਵੰਡਿਆ।