ਵਕੀਲ ਨੇ ਪੁਲਿਸ ਮੁਲਾਜਮ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼

ਗਿੱਦੜਬਾਹਾ, 5 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) : ਗਿੱਦੜਬਾਹਾ ਦੇ ਇਕ ਵਕੀਲ ਵੱਲੋਂ ਪੁਲਿਸ ਮੁਲਾਜਮ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਦੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਐਡਵੋਕੇਟ ਸੁਰੇਸ਼ ਗਰਗ ਨੇ ਦੱਸਿਆ ਕਿ ਉਹ ਪਿਛਲੇ 4-5 ਮਹੀਨੇ ਤੋਂ ਬਿਮਾਰ ਚੱਲ ਰਹੇ ਹਨ ਅਤੇ ਬੀਤੀ ਰਾਤ ਕਰੀਬ 10.15 ਵਜੇ ਉਹ ਆਪਣੇ ਬੇਟੇ ਨੂੰ ਨਾਲ ਲੈ ਕੇ ਘਰ ਦੇ ਨਜ਼ਦੀਕੀ ਪ੍ਰਰਾਈਵੇਟ ਹਸਪਤਾਲ ਵਿਖੇ ਬਲੱਡ ਪ੍ਰਰੈਸ਼ਰ ਚੈਕ ਕਰਵਾਉਣ ਗਏ ਸਨ ਅਤੇ ਹਸਪਤਾਲ ਬੰਦ ਹੋਣ ਕਾਰਨ ਉਹ ਨਾਲ ਦੀ ਨਾਲ ਵਾਪਸ ਮੁੜ ਪਏ ਅਤੇ ਹਸਪਤਾਲ ਤੋਂ ਕੁਝ ਹੀ ਦੂਰੀ ਦੇ ਪੀਸੀਆਰ ਦੇ ਦੋ ਮੋਟਰਸਾਈਕਲ ‘ਤੇ ਸਵਾਰ 4 ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਦੱਸਣ ਤੇ ਬਾਵਜੂਦ ਉਨ੍ਹਾਂ ਵਿੱਚੋਂ ਇਕ ਪੁਲਿਸ ਕਰਮਚਾਰੀ ਨੇ ਮੇਰੇ ਡਾਂਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੇਰੇ ਰੋਕਣ ਦੇ ਬਾਵਜੂਦ ਉਨ੍ਹਾਂ ਮੇਰੇ ਬੇਟੇ ਦੇ ਵੀ ਚਪੇੜਾਂ ਮਾਰ ਦਿੱਤੀਆਂ ਅਤੇ ਸਾਨੂੰ ਥਾਣੇ ਲਿਜਾਣ ਦੀਆਂ ਧਮਕੀਆਂ ਦਿੱਤੀਆਂ ਅਤੇ ਉਸਤੋਂ ਬਾਅਦ ਅਸੀਂ ਵਾਪਸ ਆਪਣੇ ਘਰ ਆ ਗਏ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦ ਉਨ੍ਹਾਂ ਹਸਪਤਾਲ ਆ ਕੇ ਚੈੱਕ ਕਰਵਾਇਆ ਤਾਂ ਉਨ੍ਹਾਂ ਦੀ ਬਾਂਹ ਵਿੱਚ ਫਰੈਕਚਰ ਆਇਆ ਹੈ। ਉਨ੍ਹਾਂ ਉਕਤ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਓਧਰ ਡੀਐਸਪੀ ਗਿੱਦੜਬਾਹਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ, ਸ਼ਿਕਾਇਤ ਮਿਲਣ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।