ਸਿਹਤ ਕਰਮਚਾਰੀਆਂ ਦੀ 2 ਮਈ ਨੂੰ ਪਾਜ਼ੇਟਿਵ ਆਈ ਰਿਪੋਰਟ 7 ਨੂੰ ਆਈ ਨੈਗੇਟਿਵ

ਸ੍ਰੀ ਮੁਕਤਸਰ ਸਾਹਿਬ, 7 ਮਈ (ਤੇਜਿੰਦਰ ਧੂੜੀਆ, ਸੁਖਵੰਤ ਸਿੰਘ) : ਬੀਤੀ 30 ਅਪ੍ਰੈਲ ਨੂੰ ਪਿੰਡ ਦੋਦਾ ਦੇ 2 ਸਿਹਤ ਕਰਮਚਾਰੀਆਂ ਅਤੇ ਇਕ ਕੰਬਾਇਨ ਡਰਾਇਵਰ ਦੇ ਕਰੋਨਾ ਵਾਇਰਸ ਦੇ ਸੈਂਪਲ ਲਏ ਗਏ ਸਨ ਜਿਸਦੀ ਰਿਪੋਰਟ 2 ਮਈ ਨੂੰ ਫਰੀਦਕੋਟ ਤੋਂ ਪਾਜੀਟਿਵ ਆਈ ਸੀ ਜਿਸਤੋਂ ਬਾਅਦ ਸਿਹਤ ਕਰਮੀਆਂ ਨੂੰ ਮੁਕਤਸਰ ਦੇ ਕੋਵਿਡ ਹਸਪਤਾਲ ਵਿਖੇ ਆਈਸੋਲੇਟ ਕਰ ਦਿੱਤਾ ਅਤੇ ਕੰਬਾਇਨ ਡਰਾਇਵਰ ਦੇ ਪਿੰਡ ਨੂੰ ਵੀ ਸੀਲ ਕਰ ਦਿੱਤਾ। ਇਸਤੋਂ ਬਾਅਦ ਇਹਨਾਂ ਦੇ ਫਿਰ ਤੋਂ ਲਏ ਗਏ ਸੈਂਪਲ ਜੋ ਕਿ ਚੰਡੀਗੜ੍ਹ ਪੀਜੀਆਈ ਭੇਜੇ ਗਏ ਜਿਸ ਵਿਚ ਇਹਨਾਂ ਤਿੰਨਾਂ ਦੀ ਰਿਪੋਰਟ ਨੈਗਟਿਵ ਆਈ ਹੈ। ਇਸ ਸੰਬੰਧੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਦੋ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਨਾ ਹੋਣ ਕਰਕੇ ਰਿਪੋਰਟ ਦੁਬਾਰਾ ਭੇਜੀ ਗਈ ਸੀ ਜਦਕਿ ਵੀਰਵਾਰ ਨੂੰ ਦੋਵਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਉਨ੍ਹਾਂ ਦੇ ਸੈਂਪਲ ਫਿਰ ਦੁਬਾਰਾ ਜਾਂਚ ਲਈ ਭੇਜੇ ਜਾਣਗੇ।