ਸ੍ਰੀ ਮੁਕਤਸਰ ਸਾਹਿਬ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਹੋਈ 4

ਸ੍ਰੀ ਮੁਕਤਸਰ ਸਾਹਿਬ, 30 ਅਪ੍ਰੈਲ (ਤੇਜਿੰਦਰ ਧੂੜੀਆ, ਸੁਖਵੰਤ ਸਿੰਘ) ਜ਼ਿਲੇ ਵਿਚ ਜਾਨਲੇਵਾ ਮਹਾਂਮਾਰੀ ਕੋਵਿਡ -19 ਲਈ ਪਾਏ ਗਏ ਤਿੰਨ ਹੋਰ ਮਾਮਲਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਅਜਿਹੇ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਮੇਰਠ ਨਿਵਾਸੀ 18 ਸਾਲਾ ਇਕ ਮਰੀਜ਼ ਪਹਿਲਾਂ ਤੋਂ ਹੀ ਕੋਵਿਡ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਜੋ ਠੀਕ ਹੋਣ ਦੇ ਰਾਹ ’ਤੇ ਹੈ। ਜਾਣਕਾਰੀ ਅਨੁਸਾਰ ਇਹ ਤਿੰਨੋਂ ਕੇਸ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 40 ਸਾਲਾਂ ਮਰੀਜ਼ ਪਿੰਡ ਕੌਣੀ ਤਹਿਸੀਲ ਗਿੱਦੜਬਾਹਾ ਦਾ ਹੈ, ਤੇ ਦੂਸਰੇ ਦੋਵੇਂ ਮਰੀਜ਼ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਹਨ।ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨੋਂ ਨਮੂਨੇ 27 ਅਪ੍ਰੈਲ ਨੂੰ ਇਕੱਤਰ ਕੀਤੇ ਗਏ ਸਨ ਅਤੇ ਇਸਦਾ ਨਤੀਜਾ ਅੱਜ ਸਵੇਰੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਤਿੰਨੇ ਵਿਅਕਤੀ ਪਹਿਲਾਂ ਹੀ ਘਰ ਵਿੱਚ ਇਕਾਂਤਵਾਸ ’ਚ ਸਨ ਅਤੇ ਹੁਣ ਉਨ੍ਹਾਂ ਦਾ ਇਲਾਜ ਮੁਕਤਸਰ ਦੇ ਕੋਵਿਡ ਹਸਪਤਾਲ ਵਿਖੇ ਸ਼ੁਰੂ ਹੋ ਗਿਆ ਹੈ। ਉਹ ਇਲਾਕਾ ਜਿੱਥੋਂ ਇਹ ਨਵੇਂ ਕੇਸ ਪਾਏ ਜਾਂਦੇ ਹਨ ਉਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਵੇਗਾ ਅਤੇ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਤਿੰਨੇ ਮਰੀਜ਼ਾਂ ਦੇ ਘਰ ਦੇ ਆਸ-ਪਾਸ ਦੇ 2 ਕਿਲੋਮੀਟਰ ਦੇ ਘੇਰੇ ਦੀ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾਵੇਗੀ ਤਾਂ ਜੋ ਅਜਿਹੇ ਕਿਸੇ ਵੀ ਹੋਰ ਕੇਸ ਦੀ ਸੰਭਾਵਨਾ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਤਿੰਨ ਮਾਮਲਿਆਂ ਦੇ ਸੰਪਰਕ ਵਿਚ ਪਾਇਆ ਗਿਆ ਤਾਂ ਉਸ ਨੂੰ ਵੀ ਵੱਖ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨਮੂਨੇ ਲਏ ਜਾਣਗੇ।