ਹਥਿਆਰਬੰਦ ਨੌਜਵਾਨਾਂ ਨੇ ਘਰਾਂ ’ਚ ਕੀਤੀ ਭੰਨ ਤੋੜ

ਸ੍ਰੀ ਮੁਕਤਸਰ ਸਾਹਿਬ, (ਪੰਜਾਬੀ ਸਪੈਕਟ੍ਰਮ ਸਰਵਿਸ) : ਬੀਤੀ ਰਾਤ ਕਰੀਬ 12 ਵਜੇ ਸ਼ਹਿਰ ਦੇ ਕੋਟਲੀ ਰੋਡ ‘ਤੇ 20-25 ਹਥਿਆਰਬੰਦ ਨੌਜਵਾਨਾਂ ਨੇ ਪੰਜ ਘਰਾਂ, ਇਕ ਧਰਮਸ਼ਾਲਾ ਅਤੇ ਇਕ ਸਲੂਨ ਦੀ ਭੰਨ-ਤੋੜ੍ਹ ਕੀਤੀ। ਇਸ ਦੌਰਾਨ ਮੁਹੱਲੇ ਦੇ ਕੁਝ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਓਧਰ ਥਾਣਾ ਸਿਟੀ ਪੁਲਿਸ ਨੇ ਇਸ ਮਾਮਲੇ ‘ਚ ਕਰੀਬ 15 ਲੋਕਾਂ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ਼ ਕਰਕੇ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਰਾਤ ਕਰੀਬ 11:50 ਵਜੇ ਮੁਹੱਲੇ ਦੀ ਲਾਇਟ ਬੰਦ ਹੋ ਗਈ, ਤੇ ਥੋੜੇ ਸਮੇਂ ਬਾਅਦ ਕੁਝ ਸ਼ਰਾਰਤੀ ਅਨਸਰਾਂ ਵੱਲੋਂ 7-8 ਘਰਾਂ ‘ਚ ਦਾਖਲ ਹੋ ਕੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਘਰਾਂ ‘ਚ ਪਿਆ ਕਾਫੀ ਸਮਾਨ ਬੈੱਡ, ਫਰਿੱਜ਼, ਦਰਵਾਜੇ ਤੋੜ ਦਿੱਤੇ ਗਏ ਤੇ ਕੱਪੜਿਆਂ ਨੂੰ ਵੀ ਅੱਗ ਲਗਾ ਦਿੱਤੀ। ਮੁਹੱਲਾ ਨਿਵਾਸੀਆਂ ਦੇ ਦੱਸਣ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਹੱਥਾਂ ‘ਚ ਤੇਜ਼ਧਾਰ, ਹਥਿਆਰ ਤੇ ਤੇਜ਼ਾਬ ਦੀਆਂ ਬੋਤਲਾਂ ਫੜੀਆਂ ਹੋਈਆਂ ਸਨ। ਭੰਨ-ਤੋੜ ‘ਚ ਦੌਰਾਨ ਮੁਹੱਲੇ ਦੇ ਕੁਝ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਹੋਰ ਜਾਣਕਾਰੀ ਦਿੰਦਿਆਂ ਕੋਟਲੀ ਰੋਡ ਵਾਰਡ ਨੰ: 28 ਦੇ ਕੌਂਸਲਰ ਮਹਿੰਦਰ ਚੋਧਰੀ ਨੇ ਦੱਸਿਆ ਕਿ ਕਰੀਬ 1: 00 ਵਜੇ ਮੁਹੱਲਾ ਨਿਵਾਸੀਆਂ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਤੇ ਜਦ ਉਸਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਮੁਹੱਲੇ ‘ਚ ਬਣੀ ਹੋਈ ਧਰਮਸ਼ਾਲਾ ਦੇ ਦਰਵਾਜੇ ਤੇ ਸੀਸ਼ੇ ਟੁੱਟੇ ਹੋਏ ਸਨ, ਤੇ ਮੁਹੱਲੇ ‘ਚ ਬਹੁਤ ਸਾਰੇ ਘਰਾਂ ਦੇ ਦਰਵਾਜੇ ਤੇ ਹੋਰ ਸਮਾਨ ਟੁੱਟਿਆ ਹੋਇਆ ਸੀ, ਪਰ ਉਸ ਸਮੇਂ ਭੰਨ ਤੋੜ ਕਰਨ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਓਧਰ ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਸਿਟੀ ਦੇ ਮੁੱਖੀ ਮੋਹਨ ਲਾਲ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪੁੱਤਰ ਹਰਿਕਿ੍ਰਸ਼ਨ ਦੇ ਬਿਆਨਾਂ ‘ਤੇ 15 ਲੋਕਾਂ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ਼ ਕਰ ਲਿਆ ਹੈ।। ਉਨ੍ਹਾਂ ਦੱਸਿਆ ਕਿ ਝਗੜੇ ਦਾ ਕਾਰਨ ਉਕਤ ਵਿਅਕਤੀਆਂ ਵੱਲੋਂ ਗਲੀ ‘ਚ ਨਜ਼ਾਇਜ਼ ਤੌਰ ‘ਤੇ ਗੇੜੇ ਮਾਰਨਾ ਸੀ, ਜਿਸ ਨੂੰ ਰੋਕਣ ‘ਤੇ ਇਨ੍ਹਾਂ ਵਿਅਕਤੀਆਂ ਨੇ ਮੁਹੱਲਾ ਨਿਵਾਸੀਆਂ ‘ਤੇ ਜਾਨਲੇਵਾ ਹਮਲਾ ਕੀਤਾ।