ਹਜ਼ੂਰ ਸਾਹਿਬ ਤੋਂ ਪੁੱਜੇ 126 ਸ਼ਰਧਾਲੂਆਂ ਦੇ ਸੈਂਪਲ ਜਾਂਚ ਲਈ ਭੇਜੇ, 324 ਸੈਂਪਲਾਂ ਦੇ ਨਤੀਜੇ ਬਾਕੀ

ਕੋਟਕਪੂਰਾ, 1 ਮਈ (ਅਰਸ਼ਦੀਪ ਸਿੰਘ ਅਰਸ਼ੀ) :- ਸਿਹਤ ਵਿਭਾਗ ਫਰੀਦਕੋੋਟ ਵੱਲੋਂ ਕੋਵਿਡ-19 ਦੇ ਸਬੰਧ ’ਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਅਤੇ ਕੋਵਿਡ-19 ਦੇ ਸੈਂਪਲ ਲੈਣ ਦਾ ਕੰਮ ਚੱਲ ਰਿਹਾ ਹੈ ਅਤੇ ਹਰ ਪਿੰਡ-ਕਸਬੇ ’ਚ ਸਰਵੇ ਦਾ ਕੰਮ ਜਾਰੀ ਹੈ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਹਜ਼ੂਰ ਸਹਿਬ ਤੋਂ ਹਾਲ ਹੀ ਵਿੱਚ ਫਰੀਦਕੋਟ ਜ਼ਿਲੇ ਵਿੱਚ ਪਰਤੇ 126 ਸ਼ਰਧਾਲੂਆਂ ਦੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜ ਦਿੱਤੇ ਹਨ। ਇਹਨਾਂ ਸੈਂਪਲਾਂ ’ਚੋਂ 12 ਰਿਪੋਰਟ ਨੈਗੇਟਿਵ ਹੈ ਅਜੇ ਤੱਕ 3 ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਹਨ ਜੋ ਜੇਰੇ ਇਲਾਜ ਹਨ। ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਅਤੇ ਜ਼ਿਲੇ ਵਿੱਚ ਆਮ ਲੋਕਾਂ ਲਈ ਸਥਾਪਿਤ ਫਲੂ ਕਾਰਨਰ ’ਤੇ ਕੋਰੋਨਾ ਦੇ ਅੱਜ ਤੱਕ ਕੁੱਲ 541 ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਜਦ ਕਿ ਜ਼ਿਲੇ ਦੇ ਤੀਜੇ ਪਾਜ਼ੇਟਿਵ ਮਰੀਜ਼ ਦਾ ਸੈਂਪਲ ਵੀ ਅੰਮਿ੍ਰਤਸਰ ਲੈਬ ਵਿਚ ਟੈਸਟ ਲਈ ਭੇਜ ਦਿੱਤਾ ਗਿਆ ਹੈ, ਜੇ ਉਸ ਦੀ ਰਿਪੋਰਟ ਵੀ ਨੈਗੇਟਿਵ ਆਉਂਦੀ ਹੈ ਤਾਂ ਉਸ ਦਾ 24 ਘੰਟੇ ਬਾਅਦ ਹੀ ਦੂਜਾ ਸੈਂਪਲ ਵੀ ਟੈਸਟ ਲਈ ਭੇਜ ਦਿੱਤਾ ਜਾਵੇਗਾ ਤੇ ਉਸਨੂੰ ਵੀ ਹਸਪਤਾਲ ਤੋਂ ਛੁੱਟੀ ਮਿਲਣ ਦੇ ਅਸਾਰ ਬਣ ਜਾਣਗੇ। ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਅਗਵਾਈ ਹੇਠ ਬਾਹਰਲੇ ਸੂਬੇ ਤੋਂ ਆਏ ਵਿਅਤਕਤੀਆਂ ਦੇ ਰਹਿਣ ਸਹਿਣ, ਖਾਣ-ਪੀਣ, ਮੈਡੀਕਲ ਜਾਂਚ ਅਤੇ ਸੈਂਪਲ ਇਕੱਤਰ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਹਨਾਂ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਵੀ ਲਾਈ ਗਈ ਹੈ। ਉਨਾਂ ਸਮੂਹ ਸਿਹਤ ਵਿਭਾਗ ਦੇ ਫੀਲਡ ਸਟਾਫ, ਬਲਾਕ ਐਜੂਕੇਟਰਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਕਰਕੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਸੈਂਟਰਾਂ ਵਿੱਚ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।