ਜ਼ਿਲ੍ਹਾ ਮੁਕਤਸਰ ਸਾਹਿਬ ‘ਚ ਇਕ ਹੋਰ ਪਾਜ਼ੇਟਿਵ ਕੇਸ ਦੀ ਪੁਸ਼ਟੀ

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ, ਸੁਖਵੰਤ ਸਿੰਘ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਇਕ ਹੋਰ ਸੈਂਪਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਕੋਵਿਡ19 ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 3458 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਸ ‘ਚੋਂ 2891 ਦੀ ਰਿਪੋਰਟ ਨੈਗੇਟਿਵ ਅਤੇ 71 ਮਰੀਜ਼ ਪਾਜ਼ੇਟਿਵ ਆਏ ਹਨ, ਬਾਕੀ 496 ਕੇਸਾਂ ਦੀ ਰਿਪੋਰਟ ਬਾਕੀ ਹੈ। ਅੱਜ ਤੱਕ ਕੁੱਲ 67 ਮਰੀਜ ਕੋਰੋਨਾ ਪਾਜ਼ੇਟਿਵ ਤੋਂ ਨੈਗੈਟਿਵ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ‘ਚ ਫਲੂ ਕਾਰਨਰਾਂ ਤੇ ਕੋਵਿਡ19 ਸਬੰਧੀ 176 ਸੈਂਪਲ ਲਏ ਗਏ ਹਨ। ਬੀਤੇ ਦਿਨੀਂ ਜ਼ਿਲ੍ਹੇ ਦੇ ਫਲੂ ਕਾਰਨਰਾਂ ਵਿਚ ਕੋਵਿਡ ਜਾਂਚ ਲਈ ਲਏ ਸੈਂਪਲਾਂ ‘ਚੋ ਬੀਤੀ ਰਾਤ ਆਈ 129 ਸੈਂਪਲਾਂ ਦੀ ਰਿਪੋਰਟ ਕੋਵਿਡ ਨੇਗੈਟਿਵ ਅਤੇ ਇੱਕ ਮਰੀਜ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜੋ ਕਿ ਮਲੋਟ ਨਿਵਾਸੀ ਔਰਤ ਦੀ ਹੈ ਜੋ ਕਿ ਦਿੱਲੀ ਤੋਂ ਆਈ ਸੀ। ਡਾ. ਸਿੰਘ ਨੇ ਕਿਹਾ ਕਿ ਹੁਣ ਤੱਕ 71 ਪਾਜ਼ੇਟਿਵ ਮਰੀਜਾਂ ‘ਚੋਂ 68 ਮਰੀਂਜਾਂ ਦੀ ਬਾਹਰਲੇ ਰਾਜਾਂ ਤੋਂ ਟਰੈਵਲ ਹਿਸਟਰੀ ਹੈ ਅਤੇ ਸਿਰਫ ਤਿੰਨ ਮਰੀਂਜ਼ਾਂ ਨੂੰ ਲੋਕਲ ਇਨਫੈਕਸ਼ਨ ਹੋਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮਰੀਜਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ‘ਚੋਂ ਕੋਈ ਵੀ ਮਰੀਜ ਪਾਜ਼ੇਟਿਵ ਨਹੀਂ ਪਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਸਿਹਤ ਵਿਭਾਗ ਨੇ ਇਨ੍ਹਾਂ ਮਰੀਜਾਂ ਦੀ ਜਲਦੀ ਪਛਾਣ ਕਰਕੇ ਅਤੇ ਇਲਾਜ ਕਰਕੇ ਇਨ੍ਹਾਂ ਮਰੀਜਾਂ ਨੂੰ ਜਲਦੀ ਠੀਕ ਕਰਕੇ ਘਰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪੂਰੀ ਤਨ ਦੇਹੀ ਅਤੇ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ।