12 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹਾ ਫਰੀਦਕੋਟ ’ਚ ਕੁੱਲ ਪੀੜਤਾਂ ਦੀ ਗਿਣਤੀ ਹੋਈ 16

ਕੋਟਕਪੂਰਾ, 4 ਮਈ (ਗੁਰਿੰਦਰ ਸਿੰਘ) :- ਹਜ਼ੂਰ ਸਾਹਿਬ ਤੋਂ ਹਾਲ ਹੀ ਵਿੱਚ ਫਰੀਦਕੋਟ ਜਿਲੇ ਦੇ ਪਰਤੇ 130 ਸ਼ਰਧਾਲੂਆਂ ’ਚੋਂ ਪਹਿਲਾਂ 3 ਅਤੇ ਹੁਣ 12 ਦੀ ਕੋਰੋਨਾ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਗਿਣਤੀ 15 ਜਦਕਿ ਪਹਿਲਾਂ ਵਾਲੇ 1 ਮਰੀਜ਼ ਨੂੰ ਜੋੜ ਕੇ ਕੋਰੋਨਾ ਦੇ ਲੱਛਣ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 16 ਹੋ ਗਈ। ਅੱਜ ਸਿਹਤ ਵਿਭਾਗ ਦੀਆਂ ਐਂਬੂਲੈਂਸ ਗੱਡੀਆਂ ਨੇ ਤੁਰਤ ਉਕਤ 12 ਮਰੀਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਸਥਿੱਤ ਆਈਸੋਲੇਸ਼ਨ ਵਾਰਡ ’ਚ ਪਹੁੰਚਾਇਆ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਨੇ ਆਖਿਆ ਕਿ ਲੋਕਾਂ ਨੂੰ ਡਰਾਉਣ ਜਾਂ ਘਬਰਾਉਣ ਦੀ ਲੋੜ ਨਹੀਂ, ਅਫਵਾਹਾਂ ਤੋਂ ਬਚਣ ਦੀ ਜਰੂਰਤ ਹੈ ਪਰ ਲੋਕ ਇਹ ਵੀ ਨਾ ਭੁੱਲਣ ਕਿ ਪਹਿਲਾਂ ਦੋ ਮਰੀਜ਼ਾਂ ਨੂੰ ਠੀਕ ਕਰਨ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦਕਿ ਤੀਜਾ ਮਰੀਜ਼ ਵੀ ਬਿਲਕੱੁਲ ਤੰਦਰੁਸਤ ਹੈ, ਉੁਸਦੀ ਰਿਪੋਰਟ ਨੈਗੇਟਿਵ ਆ ਗਈ ਸੀ ਤੇ ਦੁਬਾਰਾ ਭੇਜੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਸਨੂੰ ਵੀ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਜਾਵੇਗੀ। ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ 130 ਸ਼ਰਧਾਲੂਆਂ ’ਚੋਂ 51 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਦਕਿ 79 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਬਾਹਰਲੇ ਸੂਬਿਆਂ ਤੋਂ ਆਏ ਕਰੀਬ 1154 ਵਿਅਕਤੀਆਂ ਅਤੇ ਜ਼ਿਲੇ ’ਚ ਆਮ ਲੋਕਾਂ ਲਈ ਸਥਾਪਿਤ ਫਲੂ ਕਾਰਨਰ ’ਤੇ ਕੋਰੋਨਾ ਦੇ ਅੱਜ ਤੱਕ ਕੁੱਲ 1586 ਸੈਂਪਲ ਇਕੱਤਰ ਕਰਕੇ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਅੱਜ ਦੀਆਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਿਕ 10 ਮਰੀਜ਼ ਪਿੰਡ ਸੰਧਵਾਂ ਨਾਲ ਸਬੰਧਤ ਹਨ, ਇਕ ਦਾ ਸਬੰਧ ਕੋਟਕਪੂਰਾ ਦੇ ਮੁਹੱਲਾ ਪੇ੍ਰਮ ਨਗਰ ਨਾਲ ਹੈ, ਜਦਕਿ ਇਕ ਪੀਆਰਟੀਸੀ ਦਾ ਡਰਾਈਵਰ ਬਠਿੰਡਾ ਜਿਲੇ ਦੇ ਪਿੰਡ ਲਹਿਰੀ ਦਾ ਵਸਨੀਕ ਹੈ। ਉਨਾ ਦੱਸਿਆ ਕਿ ਉਕਤਾਨ ’ਚ ਕਰੋਨਾ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦਿੰਦੇ ਪਰ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਹੀ ਪਤਾ ਲੱਗਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪੀੜਤ ਹਨ।