ਕੁੱਟ ਮਾਰ ਤੋਂ ਦੁਖੀ ਹੋ ਕੇ ਪਾਤੜਾਂ ‘ਚ ਇੱਕ ਵਿਅਕਤੀ ਵੱਲੋਂ ਆਤਮ ਹੱਤਿਆ

ਪਾਤੜਾਂ, 18 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਪਾਤੜਾਂ ਦੀ ਧਾਨਕ ਬਸਤੀ ਦੇ ਰਹਿਣ ਵਾਲੇ ਰਿਸ਼ੀ ਪਾਲ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮਿ੍ਰਤਕ ਦੀ ਪਤਨੀ ਅਨੁਸਾਰ ਸ਼ਰਾਬ ਪੀਣ ਦਾ ਆਦੀ ਰਿਸ਼ੀ ਪਾਲ ਘਰ ਦੇ ਅੱਗੇ ਖੜ੍ਹਾ ਸੀ ਜਿਸ ਤੇ ਇਤਰਾਜ਼ ਕਰਦਿਆਂ ਗੁਆਂਢ ‘ਚ ਰਹਿੰਦੀ ਔਰਤ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੀ ਬੁਰੀ ਤਰਾਂ ਕੁੱਟ ਮਾਰ ਕੀਤੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਸ ਨੇ ਕੁੱਟ ਮਾਰ ਕਰਨ ਵਾਲਿਆਂ ਦੇ ਨਾਂਅ ਲਿਖੇ ਹਨ ਜਿਹੜੇ ਕਿ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਦੇ ਸਬੰਧ ਵਿੱਚ ਔਰਤ ਸਮੇਤ 8 ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।