ਪਾਵਰਕਾਮ ਵਲੋਂ ਨਵੀਂ ਯੋਜਨਾ ਸ਼ੁਰੂ : ਪੇਸੈ ਜਮ੍ਹਾ ਕਰਾਓ ਤੇ ਕਮਾਓ

ਪਟਿਆਲਾ (ਜੋਸਨ) : ਪੀ. ਐੱਸ. ਪੀ. ਸੀ. ਐੱਲ. ਨੇ ਖਪਤਕਾਰਾਂ ਨੂੰ ਇਕ ਬਹੁਤ ਹੀ ਵਧੀਆ ਦਰ ‘ਤੇ ਵਿਆਜ ਕਮਾਉਣ ਲਈ ਬਿਜਲੀ ਦੇ ਮਾਰਚ 2021 ਤੱਕ ਦੇ ਅੰਦਾਜ਼ਨ ਬਿੱਲ ਜਾਂ ਜਿੰਨਾ ਵੀ ਉਹ ਜਮ੍ਹਾ ਕਰਵਾ ਸਕਣ ਦਾ ਐਡਵਾਂਸ ਭੁਗਤਾਨ ਕਰਨ ਲਈ ਇਕ ਯੋਜਨਾ ਸ਼ੁਰੂ ਕੀਤੀ । ਇਹ ਭੁਗਤਾਨ ਡਿਜੀਟਲ ਮੋਡ ਰਾਹੀਂ ਕੀਤਾ ਜਾ ਸਕਦਾ ਹੈ। ਇਸ ਜਮ੍ਹਾ ਕੀਤੀ ਰਾਸ਼ੀ ‘ਤੇ ਸਪਲਾਈ ਕੋਡ 2014 ਦੀ ਧਾਰਾ 31.8 ਅਨੁਸਾਰ 1 ਫੀਸਦੀ ਪ੍ਰਤੀ ਮਹੀਨਾ ਵਿਆਜ ਦਿੱਤਾ ਜਾਵੇਗਾ। ਇਸ ਤਰ੍ਹਾਂ ਖਪਤਕਾਰ ਤਕਰੀਬਨ 12 ਫੀਸਦੀ ਸਾਲਾਨਾ ਵਿਆਜ (ਮਿਆਦੀ ਖਾਤੇ ਦਰ ਤੋਂ ਦੋ ਗੁਣਾ) ਕਮਾ ਸਕਦੇ ਹਨ । ਪਾਵਰਕਾਮ ਵਲੋਂ ਹਾਲ ਹੀ ਦੇ ਦਿਨਾਂ ‘ਚ ਬੈਂਕਾਂ ਵਲੋਂ ਮਿਆਦੀ ਖਾਤੇ (ਲਗਭਗ 6 ਫੀਸਦੀ ) ਅਤੇ ਬਚਤ ਖਾਤੇ (ਲਗਭਗ 3.5 ਫੀਸਦੀ) ਸਾਲਾਨਾ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ।

ਇਸ ਪੇਸ਼ਕਸ਼ ਨੂੰ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਦਾ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਪਾਵਰਕਾਮ ਨੂੰ 35 ਕਰੋੜ ਰੁਪਏ ਦੀ ਪੇਸ਼ਗੀ ਅਦਾਇਗੀ ਮਿਲੀ ਹੈ। ਪਾਵਰਕਾਮ ਦੇ ਚੇਅਰਮੈਨ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਨਿਗਮ ਆਪਣੇ ਮਾਣਯੋਗ ਖਪਤਕਾਰਾਂ ਦਾ ਧੰਨਵਾਦੀ ਹੈ, ਜੋ ਐਡਵਾਂਸ ਬਿੱਲ ਜਮ੍ਹਾ ਕਰਵਾਉਣ ਲਈ ਅੱਗੇ ਆਏ ਹਨ । ਇਸ ਨਾਲ ਪੀ. ਐੱਸ. ਪੀ. ਸੀ. ਐੱਲ. ਨੂੰ 35 ਕਰੋੜ ਰੁਪਏ ਐਡਵਾਂਸ ਭੁਗਤਾਨ ਮਿਲਿਆ ਹੈ ।

ਇਹ ਇਕ ਜਿੱਤ ਦੀ ਸਥਿਤੀ ਹੈ ਕਿਉਂਕਿ ਬਿਜਲੀ ਉਤਪਾਦਕਾਂ ਦੀ ਅਦਾਇਗੀ ‘ਚ ਦੇਰੀ ਹੋਣ ਦੀ ਸਥਿਤੀ ‘ਚ ਪੀ. ਐੱਸ. ਪੀ. ਸੀ. ਐੱਲ. ਨੂੰ ਦੇਰ ਨਾਲ ਭੁਗਤਾਨ ਸਰਚਾਰਜ ਵਜੋਂ ਪ੍ਰਤੀ ਸਾਲ 12 ਫੀਸਦੀ ਅਦਾ ਕਰਨੀ ਪੈਂਦਾ ਹੈ ਜੋ ਹੁਣ ਖਪਤਕਾਰਾਂ ਨੂੰ ਅਦਾ ਕੀਤੀ ਜਾ ਸਕਦੀ ਹੈ ਜੋ ਸਥਿਰ ਜਮ੍ਹਾ ਰਕਮ ਦੀ ਪੇਸ਼ਕਸ਼ ਨਾਲੋਂ ਲਗਭਗ ਦੁੱਗਣਾ ਵਿਆਜ ਪ੍ਰਾਪਤ ਕਰਦੇ ਹਨ ।