ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਕਹਿੰਦੇ ਕਰੋਨਾ ਕਰਕੇ ਸਤਾਬਦੀ ਸਮਾਗਮ ਲੇਟ ਕਰਾਵਾਂਗੇ

ਪਰ ਡਾਇਰੈਕਟਰ ਬੀਬੀ ਕਾਲਜ ਪਿੰਸੀਪਲ ਦੀ ਪੋਸਟ ਭਰਨ ਲਈ ਦਿਖਾ ਰਹੀ ਹੈ ਖਾਸ ਦਿਲਚਸਪੀ

ਪਟਿਆਲਾ (ਪੰਜਾਬੀ ਸਪੈਕਟ੍ਰਮ ਸਰਵਿਸ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕਰੋਨਾ ਦੇ ਸੰਕਟ ਨੂੰ ਮੁੱਖ ਰੱਖਦੇ ਹੋਏ ਗੁਰੂ ਤੇਗ ਬਹਾਦਰ ਜੀ ਦੀ ਸਤਾਬਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ 100ਵੀੰ ਸਤਾਬਦੀ  ਬਾਰੇ ਕਿਹਾ ਹੈ ਕਿ ਸਮਾਗਮ ਲੇਟ ਹੋ ਸਕਦੇ ਹਨ। ਦੂਜੇ ਪਾਸੇ ਵਿੱਤੀ ਬੋਝ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ ਕਾਲਜਾਂ ਦੇ ਸਟਾਫ਼ ਨੂੰ 6-7 ਮਹੀਨਿਆਂ ਤੋਂ ਪੈਸਿਆਂ ਦਾ ਮੂੰਹ ਨਹੀਂ ਦਿਖਾਇਆ।ਤੀਜਾ ਸ਼੍ਰੋਮਣੀ ਕਮੇਟੀ ਦੇ ਮੋਗਾ,ਅੰਮਿ੍ਰਤਸਰ ਆਦਿ ਸਮੇਤ ਕਈ ਕਾਲਜ “ਪਿ੍ਰੰਸੀਪਲ“ ਨੂੰ ਪਿਛਲੇ ਕਈ ਸਾਲਾਂ ਤੋਂ ਤਰਸ ਰਹੇ ਹਨ।ਜਾਣਕਾਰੀ ਮੁਤਾਬਕ ਬੱਬਰ ਅਕਾਲੀ ਮੈਮੋਰੀਅਲ ਕਾਲਜ ਗੜ੍ਹਸੰਕਰ ਦੀ ਪਿ੍ਰੰਸੀਪਲ ਦੀ ਕੁਰਸੀ 31 ਮਾਰਚ ਨੂੰ ਖਾਲੀ ਹੋਈ ਹੈ ਪਰ ਅਚੰਭੇ ਵਾਲੀ ਗੱਲ ਇਹ ਹੈ ਕਿ  ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਡਾਇਰੈਕਟਰ ਬੀਬੀ ਤਜਿੰਦਰ ਕੌਰ ਧਾਲੀਵਾਲ ਵੱਲੋਂ ਕਾਲਜ ਪਿ੍ਰੰਸੀਪਲ ਦੇ ਅਹੁਦੇ ਲਈ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਇੰਟਰਵਿਊ ਵੀ ਰੱਖ ਦਿੱਤੀ ਹੈ। ਕਰੋਨਾ ਦੀ ਮਾਰ ਕਰਕੇ ਸ਼੍ਰੋਮਣੀ ਕਮੇਟੀ ਨੇ ਬਜਟ ਇਜਲਾਸ ਵੀ ਨਹੀਂ ਕੀਤਾ ਪਰ ਬੀਬੀ ਨੂੰ ਪਤਾ ਨਹੀਂ ਕੀ ਦਿਲਚਸਪੀ ਹੈ ਕਿ ਗੜ੍ਹਸੰਕਰ ਦੇ ਕਾਲਜ ਦੇ ਪਿ੍ਰੰਸੀਪਲ ਦਾ ਅਹੁਦਾ ਛੇਤੀ ਤੋਂ ਛੇਤੀ ਭਰਿਆ ਜਾਵੇ।ਇਸ ਸਬੰਧੀ ਜਦੋਂ ਬੀਬੀ ਤਜਿੰਦਰ ਕੌਰ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੰਟਰਵਿਊ ਦੀ ਤਰੀਕ ਯੂਨੀਵਰਸਿਟੀ ਅਤੇ ਸਰਕਾਰ ਵੱਲੋਂ ਰੱਖੀ ਗਈ ਹੈ, ਇਹ ਪੋਸਟ ਗੌਰਮਿੰਟ ਏਡਿਡ ਹੈ ਤੇ ਪੈਸਾ ਸਰਕਾਰ ਨੇ ਦੇਣਾ ਹੁੰਦਾ ਹੈ। ਇਸ ਸਬੰਧੀ ਜਦੋਂ ਏਡੀਪੀਆਈ ਕਾਲਜ ਸੁਖਦਰਸਨ ਸਿੰਘ ਬਰਾੜ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਗੜ੍ਹਸੰਕਰ ਕਾਲਜ ਦੇ ਪਿ੍ਰੰਸੀਪਲ ਦੀ ਇੰਟਰਵਿਊ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।ਪਹਿਲਾਂ ਅਹੁਦੇ ਲਈ ਆਗਿਆ ਜਰੂਰ ਲਈ ਸੀ ਪਰ ਸਾਡੇ  “ਨੌਮਨੀ“ ਨੂੰ ਕੋਈ ਜਾਣਕਾਰ ਨਹੀਂ ਦਿੱਤੀ ਗਈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਾਲਜਾਂ,ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਕਰਕੇ ਕਾਲਜਾਂ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ। ਮਾਲਵੇ ਇਲਾਕੇ ਦੇ ਇੱਕ ਕਾਲਜ ਦੇ ਬੈਂਕ ਖਾਤੇ ਵਿੱਚ ਜਿੱਥੇ ਕੁਝ ਸਾਲ ਪਹਿਲਾਂ 3 ਤੋਂ 4 ਕਰੋੜ ਦੀ ਐਫਡੀ ਬੈੰਕ ਖਾਤੇ ਵਿੱਚ ਪਈ ਸੀ, ਪਰ ਹੁਣ ਉਸ ਕਾਲਜ ਦੇ ਹਲਾਤ ਇਹ ਹਨ ਕਿ ਪਿਛਲੇਂ 6 ਮਹੀਨਿਆਂ ਤੋਂ ਸਟਾਫ਼ ਤਨਖ਼ਾਹਾਂ ਨੂੰ ਤਰਸ ਰਿਹਾ ਹੈ ਅਤੇ ਕਈ ਅੱਕੇ ਅਧਿਆਪਕ ਨੌਕਰੀ ਛੱਡ ਕੇ ਚਲੇ ਗਏ ਹਨ।