ਕਰੋਨਾ ਵਾਇਰਸ਼ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਪਿੰਡਾਂ ਵਾਲਿਆਂ ਲਈ ਮਸੀਹਾ ਬਣੇ ਆਰ ਐੱਮ ਪੀ ਡਾਕਟਰ – ਜਥੇਦਾਰ ਪ੍ਰਗਟ ਸਿੰਘ ਗਾਗਾ

ਲਹਿਰਾਗਾਗਾ – ਵਿਸ਼ਵ ਪੱਧਰ ਤੇ ਫੈਲੀ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ 22 ਮਾਰਚ ਤੋਂ ਪੰਜਾਬ ਅੰਦਰ ਵੀ ਕਰਫੂ ਲਗਾਇਆ ਹੋਇਆ ਹੈ ਇਸ ਦੌੌਰਾਨ ਜਿੱਥੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਉਥੇ ਹੀ ਜ਼ਰੂਰੀ ਵਸਤਾਂ ਦੀ ਡਲਿਵਰੀ ਕਰਨ ਲਈ ਸਰਕਾਰ ਵੱਲੋਂ ਸ਼ਰਤਾਂ ਤਹਿਤ ਛੋਟ ਦਿੱਤੀ ਹੋਈ ਹੈ ਅਤੇ ਐਮਰਜੈਂਸੀ ਸੇਵਾਵਾਂ ਦੇਣ ਲਈ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਖੁੱਲ੍ਹਾ ਰੱਖਣ ਦੀ ਛੋਟ ਦਿੱਤੀ ਗਈ ਸੀ ਪਰ ਪੰਜਾਬ ਦੇ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰੋਨਾ ਫੈਲਣ ਦੇ ਡਰੋਂ ਆਪਣੇ ਹਸਪਤਾਲਾਂ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਾਈਵੇਟ ਹਸਪਤਾਲ ਵਾਲਿਆਂ ਨੂੰ ਹਸਪਤਾਲ ਨਾ ਖੋਲ੍ਹਣ ਦੀ ਸੂਰਤ ਵਿੱਚ ਲਾਇਸੈਂਸ ਕੈਂਸਲ ਕਰਨ ਦੀ ਧਮਕੀ ਦੇਣੀ ਪਈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀੀਨੀਅਰ ਆਗੂ ਜਥੇਦਾਰ ਪ੍ਰਗਟ ਸਿੰਘ ਗਾਗਾ ਨੇ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਧਮਕੀ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਖੁੱਲ੍ਹ ਤਾਂ ਭਾਵੇਂ ਰਹੇ ਹਨ ਪਰ ਜ਼ਿਆਦਾਤਰ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਖ਼ੁਦ ਚੈੱਕ ਨਹੀਂ ਕੀਤਾ ਜਾ ਰਿਹਾ ਸਗੋਂ ਡਾਕਟਰਾਂ ਵੱਲੋਂ ਰੱਖੇ ਲੜਕੇ ਲੜਕੀਆਂ ਵੱਲੋਂ ਹੀ ਮਰੀਜ਼ਾਂ ਨੂੰ ਚੈੱਕ ਕਰਕੇ ਦਵਾਈ ਦੇ ਦਿੱਤੀ ਜਾਂਦੀ ਹੈ ਪਰ ਇਸ ਨਾਜ਼ਕ ਸਮੇਂ ਵਿੱਚ ਵੀ ਪਿੰਡਾਂ ਵਿੱਚ ਕੰਮ ਕਰਦੇ ਆਰ ਐਮ ਪੀ ਡਾਕਟਰ ਪਿੰਡਾਂ ਵਾਲਿਆਂ ਲਈ ਮਸੀਹਾ ਬਣੇ ਹੋਏ ਹਨ ਭਾਵੇਂਕਿ ਪਿਛਲੇ ਸਮੇਂ ਦੌਰਾਨ ਸਮੇਂ ਦੀਆਂ ਸਰਕਾਰਾਂ ਅਤੇ ਸਿਹਤ ਵਿਭਾਗ ਵੱਲੋਂ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਦੇ ਇਸ਼ਾਰਿਆਂ ਤੇ ਇਨ੍ਹਾਂ ਆਰ ਐਮ ਪੀ ਡਾਕਟਰਾਂ ਨੂੰ ਝੋਲਾ ਛਾਪ ਡਾਕਟਰ ਦੱਸ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਪਰ ਪਿੰਡਾਂ ਵਿੱਚ ਪ੍ਰੈਕਟਿਸ ਕਰਦੇ ਇਨਾਂ ਆਰ ਐਮ ਪੀ ਡਾਕਟਰਾਂ ਦਾ ਲੋਕਾਂ ਨਾਲ ਨਹੁੁੰ ਮਾਸ ਦਾ ਰਿਸ਼ਤਾ ਬਣਿਆ ਹੋਇਆ ਹੈ ਕਿਉਂਕਿ ਜਿੱਥੇ ਇਹ ਡਾਕਟਰ ਬਹੁਤ ਘੱਟ ਪੈਸਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਜਾ ਕੇ ਇਲਾਜ ਕਰਨ ਲਈ 24 ਘੰਟੇ ਸਰਵਿਸ ਦਿੰਦੇ ਹਨ ਉਥੇ ਹੀ ਇਨ੍ਹਾਂ ਵੱਲੋਂ ਲੋਕਾਂ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਪੈਸੇ ਦੀ ਉਗਰਾਹੀ ਹਾੜ੍ਹੀ ਸਾਉਣੀ ਦੌਰਾਨ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕਈ ਕਈ ਸਾਲ ਤਜਰਬਾ ਲੈਣ ਤੋਂ ਬਾਅਦ ਹੀ ਨੌਜਵਾਨ ਪਿੰਡਾਂ ਵਿੱਚ ਆਰ ਐਮ ਪੀ ਡਾਕਟਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰਦੇ ਹਨ ਜਿਨ੍ਹਾਂ ਤੋਂ ਇਲਾਜ ਕਰਵਾ ਕੇ ਲੋਕ ਤਸੱਲੀ ਪ੍ਰਗਟ ਕਰਦੇ ਹਨ । ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦੇ ਲੱਗੇ ਕਰਫਿਊ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਡਾਕਟਰਾਂ ਵੱਲੋਂ ਸਰਕਾਰ ਅਤੇ ਸਿਹਤ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਮਿਹਨਤੀ ਤੇ ਇਮਾਨਦਾਰ ਆਰ ਐਮ ਪੀ ਡਾਕਟਰਾਂ ਦਾ ਝੋਲਾ ਛਾਪ ਕਹਿ ਕੇ ਮਜ਼ਾਕ ਉਡਾਉਣ ਦੀ ਬਜਾਏ ਸਿਹਤ ਵਿਭਾਗ ਵੱਲੋਂ ਕੁੱਝ ਸਮੇਂ ਦੀ ਟਰੇਨਿੰਗ ਦੇ ਕੇ ਰਜਿਸਟਰਡ ਕੀਤਾ ਜਾਵੇ ।