ਘਰ ਦੇ ਗੇਟ ਮੂਹਰੇ ਖੜ੍ਹੀ ਮਰੂਤੀ ਕਾਰ ਚੋਰੀ

ਭਦੌੜ (ਪੰਜਾਬੀ ਸਪੈਕਟ੍ਰਮ ਸਰਵਿਸ) ਕਸਬਾ ਭਦੌੜ ‘ਚ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਬੀਤੀ ਰਾਤ ਚੋਰ ਕਸਬਾ ਭਦੌੜ ਦੇ ਮੁਹੱਲਾ ਗਰੇਵਾਲ ਚੋਂ ਘਰ ਦੇ ਗੇਟ ਮੂਹਰੇ ਖੜ੍ਹੀ ਮਾਰੂਤੀ ਕਾਰ ਚੋਰੀ ਕਰਕੇ ਲੈ ਗਏ। ਉਕਤ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਹੋ ਗਈ। ਚੋਰੀ ਕਰਨ ਵਾਲੇ ਤਿੰਨ ਨੌਜਵਾਨ ਨਜ਼ਰ ਆ ਰਹੇ ਹਨ। ਪੀੜਤ ਸਤੀਸ਼ ਕੁਮਾਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਪਿੰਡ ਨੈਣੇਵਾਲ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹਾਂ ਅਤੇ ਸਾਰਾ ਸਾਮਾਨ ਵਗੈਰਾ ਉਸੇ ਕਾਰ ਨੁੰ ਪੀ.ਬੀ.02-7682 ਤੇ ਹੀ ਲੈ ਕੇ ਜਾਂਦੇ ਸੀ ਅਤੇ ਰਾਤ ਨੂੰ ਆ ਕੇ ਘਰ ਮੂਹਰੇ ਗਲੀ ਚ ਲਗਾ ਦਿੰਦੇ ਹਨ ਅਤੇ ਪਿਛਲੇ 11 ਸਾਲਾਂ ਤੋਂ ਕਾਰ ਇੱਥੇ ਹੀ ਖੜ੍ਹੀ ਕਰਦੇ ਸੀ ਪ੍ਰੰਤੂ ਬੀਤੀ ਰਾਤ ਚੋਰ ਸਾਡੀ ਕਾਰ ਚੋਰੀ ਕਰਕੇ ਲੈ ਗਏ। ਜਿਸ ਦਾ ਪਤਾ ਸਾਨੂੰ ਸਵੇਰੇ ਉੱਠਣ ਸਮੇਂ ਲੱਗਾ।
ਪੀੜਤ ਪਰਿਵਾਰ ਨੇ ਥਾਣਾ ਭਦੌੜ ਵਿਖੇ ਰਿਪੋਰਟ ਦਰਜ ਕਰਵਾਉਂਦਿਆਂ ਚੋਰਾਂ ਨੂੰ ਜਲਦੀ ਫੜਨ ਦੀ ਗੁਹਾਰ ਲਗਾਈ ਹੈ। ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਦੌੜ ਚ ਪਿਛਲੇ ਲੰਬੇ ਸਮੇਂ ਤੋਂ ਚੋਰ ਗਿਰੋਹ ਸਰਗਰਮ ਹੈ ਜਿਸ ਦੇ ਤਹਿਤ ਅਨੇਕਾਂ ਮੋਟਰਸਾਈਕਲ ਦਿਨ ਦਿਹਾੜੇ ਲੋਕਾਂ ਦੇ ਘਰਾਂ ਮੂਹਰੋਂ ਚੋਰੀ ਹੁੰਦੇ ਆ ਰਹੇ ਹਨ ਪ੍ਰੰਤੂ ਪੁਲਿਸ ਹਾਲੇ ਤੱਕ ਕਿਸੇ ਵੀ ਚੋਰ ਗਰੋਹ ਦੀ ਪੈੜ ਨੱਪਣ ਵਿੱਚ ਸਫ਼ਲ ਨਹੀਂ ਹੋ ਸਕੀ।