ਟਰੈਕਟਰ ਟਰਾਲੀ ਪਲਟਣ ਕਾਰਨ 2 ਦੀ ਮੌਤ, 2 ਗੰਭੀਰ ਜ਼ਖਮੀ

ਸੁਨਾਮ ਊਧਮ ਸਿੰਘ ਵਾਲਾ 17 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਬੀਤੇ ਦਿਨੀਂ ਸਵੇਰੇ ਨੇੜਲੇ ਪਿੰਡ ਚੱਠਾ ਨਨਹੇੜ੍ਹਾ ਵਿਖੇ ਟਰੈਕਟਰ ਟਰਾਲੀ ਪਲਟਣ ਕਾਰਨ 2 ਵਿਅਕਤੀਆਂ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਗਏ।ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚ ਬਲਵੰਤ ਸਿੰਘ ਅਤੇ ਗੁਰਪਿਆਰ ਸਿੰਘ ਚੱਠਾ ਨੇ ਦੱਸਿਆ ਕਿ ਇਕ ਕਿਸਾਨ ਮੀਤਾ ਸਿੰਘ ਪਿੰਡ ਦੇ ਹੀ ਪੰਜ ਹੋਰ ਵਿਅਕਤੀਆਂ ਨਾਲ ਆਪਣੇ ਟਰੈਕਟਰ ਟਰਾਲੀ ‘ਚ ਪਿੰਡੋਂ ਰੂੜੀ ਦਾ ਰੇਹ ਖੇਤ ਵਿਚ ਢੋਅ ਰਿਹਾ ਸੀ ।ਬੀਤੇ ਦਿਨੀਂ ਸਵੇਰੇ ਕਰੀਬ ਸਾਢੇ ਕੁ 9 ਵਜੇ ਜਦੋਂ ਉਹ ਸਾਰੇ ਹੀ ਰੂੜੀ ਦੇ ਰੇਹ ਦੀ ਟਰਾਲੀ ਖੇਤ ‘ਚ ਲਾਹਕੇ ਪਿੰਡ ਨੇੜਿਉਂ ਲੰਘਦੀ ਇਕ ਡਰੇਨ ਦੀ ਪਟੜੀ ਪਟੜੀ ਵਾਪਸ ਆ ਰਹੇ ਸਨ ਤਾਂ ਟਰੈਕਟਰ ‘ਚ ਅਚਾਨਕ ਕੋਈ ਤਕਨੀਕੀ ਨੁਕਸ ਪੈਣ ਕਾਰਨ ਇਕ ਮੋੜ ‘ਤੇ ਟਰੈਕਟਰ ਮੁੜ ਨਹੀ ਸਕਿਆ ਅਤੇ ਟਰੈਕਟਰ ਟਰਾਲੀ ਸਮੇਤ ਡਰੇਨ ਡਿੱਗਕੇ ਪਲਟ ਗਿਆ।ਜਿਸ ਕਾਰਨ ਨਿਰਭੈ ਸਿੰਘ (45) ਪੁੱਤਰ ਜੀਤ ਸਿੰਘ ਵਾਸੀ ਚੱਠਾ ਨਨਹੇੜ੍ਹਾ ਦੀ ਮੌਕੇ ਤੇ ਹੀ ਮੌਤ ਹੋ ਗਈ।ਜਦੋਂ ਕਿ ਗੁਰਧਿਆਨ ਸਿੰਘ ਪੁੱਤਰ ਗੁਰਮੁੱਖ ਸਿੰਘ,ਦੇਵ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਟਰੈਕਟਰ ਚਾਲਕ ਮੀਤਾ ਸਿੰਘ ਪੁੱਤਰ ਨਰੰਜਣ ਸਿੰਘ ਗੰਭੀਰ ਜ਼ਖਮੀ ਹੋ ਗਏ ।ਗੰਭੀਰ ਜਖਮੀਆਂ ਨੂੰ ਇਲਾਜ ਲਈ ਸੁਨਾਮ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਗੁਰਧਿਆਨ ਸਿੰਘ ਅਤੇ ਦੇਵ ਸਿੰਘ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਦੋਵਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਗੁਰਧਿਆਨ ਵੀ ਚੱਲ ਵਸਿਆ।