ਥਾਣਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਕਾਲਬੰਜਾਂਰਾ ਵਿਖੇ ਨੌਜਵਾਨ ਦਾ ਕਤਲ 

ਮਿ੍ਰਤਕ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਲਹਿਰਾਗਾਗਾ,13 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਨੇੜਲੇ ਪਿੰਡ ਕਾਲਬੰਜਾਰਾ ਦੀ ਅਨਾਜ ਮੰਡੀ ਵਿਖੇ ਦੇਰ ਰਾਤ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸਨਸਨੀਖੇਜ ਜਾਣਕਾਰੀ ਪ੍ਰਾਪਤ ਹੋਈ ਹੈ। ਡੀਐੱਸਪੀ ਲਹਿਰਾ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਕਾਲਬੰਜ਼ਾਰਾਂ ਦੇ ਅਤੀ ਲਾਗਲੇ ਪਿੰਡ ਖੰਡੇਬਾਦ ਦਾ ਨੌਜਵਾਨ ਲਵਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਖਪਾਲ ਸਿੰਘ 24  ਸਾਲ ਜਿਸ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਦਾ ਕਤਲ ਦੇਰ ਰਾਤ ਕਾਲਬੰਜਾਰਾ ਦੀ ਅਨਾਜ ਮੰਡੀ ਵਿਖੇ ਕੀਤਾ ਗਿਆ। ਐੱਸਐੱਸਪੀ ਸੰਗਰੂਰ ਡਾਕਟਰ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਐੱਸਪੀ ਡੀ ਹਰਿੰਦਰ ਸਿੰਘ ,ਡੀਐੱਸਪੀ ਬੂਟਾ ਸਿੰਘ ਗਿੱਲ, ਥਾਣਾ ਸਦਰ ਮੁਖੀ ਸੁਰਿੰਦਰ ਭੱਲਾ, ਸਿਟੀ ਇੰਚਾਰਜ ਪਰਸ਼ੋਤਮ ਸ਼ਰਮਾ ਨੇ ਸਮੇਤ ਪੁਲਸ ਪਾਰਟੀ ਡੁੰਘਾਈ ਨਾਲ ਜਾਂਚ ਕਰਦਿਆਂ ਮਿ੍ਰਤਕ ਦੀ ਭੈਣ ਪ੍ਰਮਜੀਤ ਕੌਰ   ਦੇ ਬਿਆਨਾਂ ਮੁਤਾਬਕ ਲਖਵਿੰਦਰ ਸਿੰਘ ਲੱਖੀ ਵਾਸੀ ਖੰਡੇਬਾਦ, ਮੰਗੂ, ਜਗਤਾਰ ਸਿੰਘ, ਅਤੇ ਸੰਜੂ ਸ਼ਰਮਾ ਵਾਸੀ ਜਲੂਰ ਤੋਂ ਇਲਾਵਾ ਇਨ੍ਹਾਂ ਦੇ ਹੋਰ ਸਾਥੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਧਾਰਾ 302,427,120 ਬੀ ,148,-49 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮਿ੍ਤਕ ਦੀ ਭੈਣ ਪਰਮਜੀਤ ਕੌਰ ਨੇ ਇਹ ਵੀ ਦੱਸਿਆ, ਕਿ ਲਵਪ੍ਰੀਤ ਸਿੰਘ  ਦੇ ਦੋਸਤਾਂ ਨੇ ਰਾਤੀ ਸਾਢੇ ਨੌਂ ਵਜੇ ਫੋਨ ਕਰਕੇ ਮੇਰੇ ਭਰਾ ਨੂੰ ਬੁਲਾਇਆ, ਕਿ ਜਲਦੀ ਆ ਨਹੀਂ ਤਾਂ ਅਸੀਂ ਜ਼ਹਿਰੀਲੀ ਦਵਾਈ ਪੀ ਲਵਾਂਗੇ ਜਿਸ ਨੂੰ ਬੁਲਾਉਣ ਉਪਰੰਤ ਕਤਲ ਕਰ ਦਿੱਤਾ ਗਿਆ। ਦੂਜੇ ਪਾਸੇ ਇਨ੍ਹਾਂ ਦੀ ਆਪਸੀ ਪੁਰਾਣੀ ਰੰਜਿਸ ਦੀ ਖੁੰਡ ਚਰਚਾ ਵੀ ਆਮ ਸੁਣੀ ਜਾ ਰਹੀ ਹੈ।ਦੋਸ਼ੀਆਂ ਦੀ ਗਿ੍ਰਫਤਾਰੀ ਲਈ ਪੁਲਸ ਪਾਰਟੀਆਂ ਬਣਾ ਕੇ ਰਵਾਨਾ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਦਿੱਤੇ ਜਾ ਸਕਣ।