ਨੌਜਵਾਨ ਮਜ਼ਦੂਰ ਨੇ ਮਾਨਸਿਕ ਪਰੇਸ਼ਾਨੀ ਕਾਰਨ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਸ਼ਹਿਣਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਸਨਅਤੀ ਕਸਬਾ ਪੱਖੋ ਕੈਚੀਆਂ ਵਿਖੇ ਮਣਕੂ ਇੰਡਸਟਰੀਜ਼ ‘ਚ ਇਕ ਨੌਜਵਾਨ ਮਜ਼ਦੂਰ ਨੇ ਮਾਨਸਿਕ ਪਰੇਸ਼ਾਨੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਨੌਜਵਾਨ ਸੁਖਵਿੰਦਰ ਸਿੰਘ ਉਰਫ ਕਾਲੂ (21) ਪੁੱਤਰ ਜਗਦੇਵ ਸਿੰਘ ਉਰਫ ਬੀਰਾ ਸਿੰਘ ਵਾਸੀ ਨਾਨਕਾ ਘਰ ਅਜੀਤ ਰੁਮਾਣਾ ਹਾਲ-ਅਬਾਦ ਪੱਖੋ ਕੈਚੀਆਂ ਨੇ ਲੰਘੀ ਰਾਤ ਮਣਕੂ ਇੰਡਸਟਰੀਜ਼ ਦੇ ਕਮਰੇ ‘ਚ ਲੱਗੇ ਪੱਖੇ ਨਾਲ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਉੱਪ ਕਪਤਾਨ ਪੁਲਿਸ ਤਪਾ ਰਾਵਿੰਦਰ ਸਿੰਘ ਰੰਧਾਵਾ, ਥਾਣਾ ਸ਼ਹਿਣਾ ਦੇ ਐੱਸਐੱਚਓ ਅਜਾਇਬ ਸਿੰਘ, ਸਹਾਇਕ ਥਾਣੇਦਾਰ ਲਾਭ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ।
ਮਾਮਲੇ ਸਬੰਧੀ ਮਿ੍ਤਕ ਨੌਜਵਾਨ ਦੇ ਮਾਸੜ ਰੋਸ਼ਨ ਸਿੰਘ ਕਾਲਾ ਨੇ ਦੱਸਿਆ ਕਿ ਮਿ੍ਤਕ ਦੇ ਛੋਟੇ ਹੁੰਦਿਆਂ ਹੀ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ ਤੇ ਪਿਛਲੇ 5 ਸਾਲ ਤੋਂ ਉਸ ਕੋਲ ਰਹਿੰਦਾ ਸੀ ਤੇ ਕਦੇ ਕਦਾਈ ਆਪਣੇ ਨਾਨਕੇ ਪਿੰਡ ਅਜੀਤ ਰਮਾਣਾ ਚਲਾ ਜਾਂਦਾ ਸੀ। ਉਸ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਲਾਕਡਾਊਨ ਕਾਰਨ ਕੰਮ ਬੰਦ ਹੋਣ ਤੇ ਆਪਣੇ ਮਾਤਾ-ਪਿਤਾ ਦੀ ਮੌਤ ਕਾਰਣ ਪਰੇਸ਼ਾਨ ਰਹਿੰਦਾ ਸੀ। ਲੰਘੀ ਰਾਤ ਕਰੀਬ 8 ਵਜੇ ਮਣਕੂ ਇੰਡਸਟਰੀ ‘ਚੋਂ ਅਸੀਂ ਕੰਮ ਬੰਦ ਕਰਕੇ ਆਪਣੇ ਘਰ ਪੱਖੋ ਕੈਚੀਆਂ ਆ ਗਏ ਸੀ ਤਾਂ ਕਰੀਬ 9 ਵਜੇ ਸੁਖਵਿੰਦਰ ਸਿੰਘ ਰੋਟੀ ਖਾ ਕੇ ਘਰੋਂ ਸੌਣ ਲਈ ਕਹਿ ਕੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 8 ਵਜੇ ਇੰਡਸਟਰੀ ਦੇ ਮਾਲਕ ਦੇ ਸੋਨੀ ਸਿੰਘ ਨੇ ਆ ਕੇ ਦੇਖਿਆ ਕਿ ਸੁਖਵਿੰਦਰ ਸਿੰਘ ਕਾਲਾ ਕਮਰੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੋਈ ਸੀ। ਇਸ ਸਬੰਧੀ ਪੁਲਿਸ ਥਾਣਾ ਸ਼ਹਿਣਾ ਦੇ ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਸੁਖਵਿੰਦਰ ਸਿੰਘ ਉਰਫ ਕਾਲੂ ਦੇ ਮਾਸੜ ਰੋਸ਼ਨ ਸਿੰਘ ਉਰਫ ਕਾਲਾ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।