ਬਿਜਲੀ ਦਾ ਕਰੰਟ ਲੱਗਣ ਕਾਰਨ 9 ਸਾਲਾਂ ਬੱਚੇ ਦੀ ਮੌਤ

ਲਹਿਰਾਗਾਗਾ,16 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ) -ਲਹਿਰਾਗਾਗਾ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਲੇਹਲ ਖੁਰਦ ‘ਚ ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਬੱਚੇ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਵੇਰਵੇ ਅਨੁਸਾਰ 9 ਸਾਲਾਂ ਲਖਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਚੌਥੀ ਜਮਾਤ ਵਿੱਚ ਪੜ੍ਹਦਾ ਸੀ  । ਇਸ ਸਬੰਧੀ ਉਸਦੇ ਪਿਤਾ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਝੋਨਾ ਲਗਾਉਣ ਲਈ ਪਰਿਵਾਰਕ ਮਿੱਤਰ ਪਰਮਜੀਤ ਪੰਮੀ ਦੀ ਪਤਨੀ ਸੁਖਪਾਲ ਕੌਰ ਅਤੇ ਉਸ ਦੇ ਲੜਕੇ ਗੁਰਮੁੱਖ ਸਿੰਘ ਬੱਬੂ ਤੇ ਹੋਰਾਂ ਨਾਲ ਗਿਆ ਸੀ ਅਤੇ ਉਸ ਦਾ ਲੜਕਾ ਲਖਵਿੰਦਰ ਸਿੰਘ ਅਕਸਰ ਗੁਆਂਢੀਆਂ ਦੇ ਘਰ ਖੇਡਦਾ ਹੁੰਦਾ ਸੀ , ਜਿਨ੍ਹਾਂ ਨਾਲ ਸਾਡੇ ਚੰਗੇ ਸਬੰਧ ਰਹੇ ਹਨ । ਝੋਨਾ ਲਗਾਉਣ ਮਗਰੋਂ ਜਦੋਂ ਉਹ ਵਾਪਸ ਪਰਤੇ ਤਾਂ ਸੁਖਪਾਲ ਕੌਰ ਨੇ ਰੋਲਾ ਪਾਇਆ ਕਿ ਲਖਵਿੰਦਰ ਸਿੰਘ ਉਨ੍ਹਾਂ ਦੇ ਘਰ ਦੇ ਵੇਹੜੇ ਵਿੱਚ ਪਏ ਬਿਜਲੀ ਦੇ ਕੂਲਰ ਅੱਗੇ ਲੋਹੇ ਦੇ ਮੰਜੇ ਹੇਠਾਂ ਮੂਧੇ ਮੂੰਹ ਪਿਆ ਹੈ ਅਤੇ ਜਦੋਂ ਉਨ੍ਹਾਂ ਹੱਥ ਲਾਇਆ ਤਾਂ ਉਨ੍ਹਾਂ ਦੇ ਵੀ ਕਰੰਟ ਲੱਗਾ ਪਰ ਕਿਸੇ ਨੇ ਬਿਜਲੀ ਦੀ ਤਾਰ ਕੱਢੀ ਤਾਂ ਉਸ ਨੂੰ ਜਖਮੀ ਹਾਲਤ ਵਿੱਚ  ਸਿਵਲ ਹਸਪਤਾਲ ਲਹਿਰਾਗਾਗਾ ਲੈ ਕੇ ਪਹੁੰਚੇ। ਡਾਕਟਰ ਨੇ ਉਸਨੂੰ ਮਿ੍ਰਤਕ ਕਰਾਰ ਦੇ ਦਿੱਤਾ। ਸਿਟੀ ਪੁਲੀਸ ਦੇ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਮਿ੍ਰਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ  ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ ਪੋਸਟਮਾਟਰਮ ਲਈ ਸਿਵਲ ਹਸਪਤਾਲ ਮੂਨਕ ਵਿਖੇ ਭੇਜ ਦਿੱਤੀ ਹੈ।