ਮੁਸੀਬਤ ਦੀ ਇਸ ਘੜੀ ’ਚ ਪੰਜਾਬ ਦੀ ਇਹ ਔਰਤ ਕਰ ਰਹੀ ਹੈ ‘ਮਾਨਵਤਾ ਦੀ ਸੇਵਾ’,

ਬਰਨਾਲਾ (ਪੁਨੀਤ) – ਅੱਜ ਦੀ ਨਾਰੀ ਅਬਲਾ ਨਹੀਂ ਸਬਲਾ ਵਾਲੀ ਕਹਾਵਤ ਨੂੰ ਸਹੀ ਸਿੱਧ ਕਰਨ ਵਾਲੀ ਮਨਜੀਤ ਕੌਰ ਨੇ ਇਸ ਮੁਸ਼ਕਲ ਦੀ ਘੜੀ ’ਚ ਮਾਨਵਤਾ ਦੀ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਮਨਜੀਤ ਕੌਰ, ਜੋ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਉਹ ਆਪਣੇ ਘਰ ’ਚ ਬੈਠ ਕੇ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਮਾਸਕ ਬਣਾਉਣ ਦਾ ਕੰਮ ਕਰ ਰਹੀ ਹੈ। ਬਰਨਾਲਾ ਦੇ ਪਿੰਡ ਕੁਬਾ ਦੀ ਰਹਿਣ ਵਾਲੀ ਮਨਜੀਤ ਦੇ ਆਪਣੇ ਘਰ ਦੀ ਰਸੋਈ ਖਾਲੀ ਹੈ ਅਤੇ ਉਸ ਦੇ ਘਰ ਦੀ ਛੱਡ ਡਿੱਗ ਚੁੱਕੀ ਹੈ, ਜਿਸ ਦੇ ਬਾਵਜੂਦ ਉਹ ਲੋਕਾਂ ਦੀ ਮਦਦ ਕਰ ਰਹੀ ਹੈ।

ਦੱਸ ਦੇਈਏ ਕਿ ਮਨਜੀਤ ਦੇ ਬੈਂਕ ਖਾਤੇ ’ਚ ਘਰ ਦਾ ਗੁਜ਼ਾਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਜਨ-ਯੋਜਨਾ ਦੇ ਤਹਿਤ ਕੁਝ ਰੁਪਏ ਦਿੱਤੇ ਗਏ ਸਨ। ਉਸ ਨੇ ਉਨ੍ਹਾਂ ਪੈਸਿਆਂ ਦਾ ਕੱਪੜਾ ਖਰੀਦ ਕੇ ਮਾਸਕ ਬਣਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਦੇ ਲਈ ਉਹ ਆਪਣੇ ਘਰ ’ਚ ਪਏ ਕੱਪੜੇ ਦੇ ਮਾਸਕ ਬਣਾ ਚੁੱਕੀ ਹੈ। ਬਾਜ਼ਾਰਾਂ ’ਚ ਮਾਸਕ ਦੀ ਕੀਮਤ ਬਹੁਤ ਜ਼ਿਆਦਾ ਹੈ, ਜਿਸ ਕਰਕੇ ਗਰੀਬ ਲੋਕ ਨਹੀਂ ਲੈ ਸਕਦੇ, ਇਸੇ ਕਰਕੇ ਉਸ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਪਿੰਡ ਦੇ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਮਾਸਕ ਵੰਡ ਚੁੱਕੀ ਹੈ। ਇਸ ਤੋਂ ਇਲਾਵਾ ਉਹ 100 ਦੇ ਕਰੀਬ ਮਾਸਕ ਜ਼ਿਲਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਦੇ ਚੁੱਕੀ ਹੈ।