ਡਰੱਗ ਕੇਸ ‘ਚ ਰੀਆ ਚੱਕਰਵਰਤੀ ਗਿ੍ਰਫਤਾਰ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ) : ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਹੁਣ ਪੂਰੀ ਤਰ੍ਹਾਂ ਡਰੱਗਜ ਵੱਲ ਚੱਲ ਪਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਐੱਨਸੀਬੀ ਦੀ ਟੀਮ ਮੰਗਲਵਾਰ ਨੂੰ ਲਗਾਤਾਰ ਤੀਸਰੇ ਦਿਨ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ ਤੇ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਰੀਆ ਦੇ ਭਰਾ ਸ਼ੌਵਿਕ ਤੇ ਸੈਮੁਅਲ ਮਿਰਾਂਡਾ ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਤਿੰਨਾਂ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਐੱਨਡੀਪੀਐੱਸ ਐਕਟ ਤਹਿਤ ਇਹ ਗਿ੍ਰਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਐਤਵਾਰ ਤੇ ਸੋਮਵਾਰ ਨੂੰ ਕੁੱਲ ਮਿਲਾ ਕੇ ਕਰੀਬ 14 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐੱਨਸੀਬੀ ਰੀਆ ਤੋਂ ਪੁੱਛਗਿੱਛ ਜਰੀਏ ਬਾਲੀਵੁੱਡ ਹਸਤੀਆਂ ਵੱਲੋਂ ਡਰੱਗਜ ਦੀ ਵਰਤੋਂ ਦੀ ਤਹਿ ‘ਚ ਜਾਣਾ ਚਾਹੁੰਦੀ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਐੱਨਸੀਬੀ ਨੇ ‘ਦਮ ਮਾਰੋ ਦਮ‘ ਕਰਨ ਵਾਲੀਆਂ 25 ਫਿਲਮੀ ਹਸਤੀਆਂ ਦੀ ਲਿਸਟ ਤਿਆਰ ਕਰ ਲਈ ਹੈ, ਜਿਨ੍ਹਾਂ ਖਿਲਾਫ ਜਲਦ ਕਾਰਵਾਈ ਹੋ ਸਕਦੀ ਹੈ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਾਤ ‘ਚ ਮੌਤ ਦੇ ਮਾਮਲੇ ਦੀ ਜਾਂਚ ਦਾ ਇਕ ਹਿੱਸਾ ਹੁਣ ਬਾਲੀਵੁੱਡ ‘ਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਤੇ ਖਰੀਦੋ-ਫਰੋਖਤ ਤਕ ਜਾ ਪੁੱਜਾ ਹੈ। ਇਸ ਦੇ ਸਬੂਤ ਰੀਆ ਚੱਕਰਵਰਤੀ ਦੇ ਮੋਬਾਈਲ ਰਾਹੀਂ 2019-20 ‘ਚ ਕੀਤੀ ਗਈ ਚੈਟ ਤੋਂ ਮਿਲੇ ਹਨ। ਇਸ ਲਈ ਰੀਆ ਤੇ ਉਸ ਦੇ ਭਰਾ ਸ਼ੌਵਿਕ ਇਸ ਮਾਮਲੇ ‘ਚ ਨਾਮਜਦ ਕੀਤੇ ਗਏ ਹਨ।