ਬੈਂਗਲੁਰੂ ਹਿੰਸਾ ‘ਚ ਐਸ.ਡੀ.ਪੀ.ਆਈ ਆਗੂ ਗਿ੍ਰਫ਼ਤਾਰ, ਤਿੰਨ ਦੀ ਮੌਤ; 250 ਗੱਡੀਆਂ ਸੜੀਆਂ

ਬੇਂਗਲੁਰੂ, (ਪੰਜਾਬੀ ਸਪੈਕਟ੍ਰਮ ਸਰਵਿਸ) ਬੈਂਗਲੁਰੂ ‘ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਿੰਸਾ ਭੜਕ ਗਈ ਹੈ। ਇਸ ਦੌਰਾਨ ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਫਾਈਰਿੰਗ ਵੀ ਕਰਨੀ ਪਈ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਕ ਹੋਰ ਵਿਅਕਤੀ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਚਾਨਕ ਭੜਕੀ ਹਿੰਸਾ ‘ਚ 60 ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਉੱਥੇ ਹੀ ਇਸ ਮਾਮਲੇ ‘ਚ ਪੁਲਿਸ ਨੇ ਹੁਣ ਤਕ 110 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਬੈਂਗਲੁਰੂ ਦੇ ਡੀਜੇ ਹੱਲੀ ਤੇ ਕੇਜੀ ਹੱਲੀ ਪੁਲਿਸ ਥਾਣੇ ਦੇ ਇਲਾਕੇ ‘ਚ ਇਹ ਹਿੰਸਾ ਹੋਈ। ਜਿਸ ਤੋਂ ਬਾਅਦ ਇਲਾਕੇ ‘ਚ ਕਰਫਿਊ ਲਾ ਦਿੱਤਾ ਗਿਆ ਹੈ। ਇਸ ਨਾਲ ਹੀ ਬੈਂਗਲੁਰੂ ‘ਚ ਧਾਰਾ 144 ਲਾਈ ਗਈ ਹੈ। ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਸ਼ੇਅਰ ਕਰਨ ਦੇ ਦੋਸ਼ੀ ਨਵੀਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਦਰਅਸਲ, ਵਿਧਾਇਕ ਦੇ ਕਿਸੇ ਕਰੀਬੀ ਵੱਲੋਂ ਇੱਕ ਫੇਸਬੁੱਕ ਪੋਸਟ ਲਿਖੀ ਗਈ ਸੀ, ਜਿਸ ਨੂੰ ਲੈ ਕੇ ਇੱਕ ਭਾਈਚਾਰੇ ਦੇ ਲੋਕ ਭੜਕ ਗਏ। ਇਸ ਤੋਂ ਬਾਅਦ ਹਾਲੀ ਪੁਲਿਸ ਸਟੇਸਨ-ਵਿਧਾਇਕ ਦੇ ਘਰ ਨੂੰ ਘੇਰਿਆ ਗਿਆ। ਕਰੀਬ 9.30 ਵਜੇ ਭੀੜ ਦੀ ਮੌਜੂਦਗੀ ਹਜਾਰਾਂ ਤੱਕ ਪਹੁੰਚ ਗਈ। ਜਿਸਦੇ ਬਾਅਦ ਤੋੜਫੋੜ ਸੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਭੀੜ ਨੇ ਵਿਧਾਇਕ ਦੇ ਘਰ, ਥਾਣੇ ਨੂੰ ਅੱਗ ਲਗਾ ਦਿੱਤੀ । ਭੀੜ ਨੇ ਦੇਰ ਰਾਤ ਤਕਰੀਬਨ ਦਰਜਨ ਦੇ ਕਰੀਬ ਪੁਲਿਸ ਵਾਹਨ ਸਾੜ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਪਹਿਲਾਂ ਲਾਠੀਚਾਰਜ ਕੀਤਾ, ਇਸ ਤੋਂ ਬਾਅਦ ਖੁੱਲੀ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ ਕਈ ਲੋਕ ਜਖਮੀ ਵੀ ਹੋਏ ਹਨ।
ਸਥਾਨਕ ਪੁਲਿਸ ਅਨੁਸਾਰ ਰਾਤ ਨੂੰ ਤਕਰੀਬਨ 2 ਵਜੇ ਹਾਲਾਤ ਕਾਬੂ ਵਿੱਚ ਆਏ ਅਤੇ ਭੀੜ ਦੇ ਕਬਜੇ ਤੋਂ ਪੁਲਿਸ ਸਟੇਸਨ ਅਤੇ ਵਿਧਾਇਕ ਦੇ ਘਰ ਨੂੰ ਖਾਲੀ ਕਰਵਾਇਆ ਗਿਆ। ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ 110 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਹ ਪੂਰਾ ਵਿਵਾਦ ਉਸ ਸਮੇਂ ਸੁਰੂ ਹੋਇਆ ਜਦੋਂ ਕੁਝ ਲੋਕ ਫੇਸਬੁੱਕ ਪੋਸਟ ਬਾਰੇ ਸਿਕਾਇਤ ਦਰਜ ਕਰਾਉਣ ਲਈ ਥਾਣੇ ਪਹੁੰਚੇ। ਪਰ ਇਲਜਾਮ ਇਹ ਹੈ ਕਿ ਪੁਲਿਸ ਨੇ ਆਪਸ ਵਿੱਚ ਵਿਵਾਦ ਸੁਲਝਾਉਣ ਲਈ ਕਿਹਾ ਅਤੇ ਸਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।ਜਿਵੇਂ ਹੀ ਸਥਿਤੀ ਵਿਗੜਦੀ ਗਈ, ਸਹਿਰ ਦੇ ਸਾਰੇ ਪੁਲਿਸ ਅਧਿਕਾਰੀ ਥਾਣੇ ਦੀ ਥਾਂ ‘ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਵੀ ਦੇਰ ਰਾਤ ਰਾਜ ਦੇ ਗ੍ਰਹਿ ਮੰਤਰੀ ਬੀ.ਆਰ. ਬੋਮਾਈ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਫਰੀ ਹੈਂਡ ਦਿੱਤਾ । ਇਸ ਘਟਨਾ ਸਬੰਧੀ ਕਰਨਾਟਕ ਦੇ ਗ੍ਰਹਿ ਮੰਤਰੀ ਬੀ.ਆਰ. ਬੋਮਈ ਨੇ ਕਿਹਾ ਕਿ ਜੋ ਵੀ ਹੋਇਆ ਹੈ ਉਹ ਕਾਨੂੰਨ ਨੂੰ ਤੋੜਨ ਵਾਲਾ ਹੈ, ਕੋਈ ਵੀ ਵਿਵਾਦ ਹੋਵੇ ਪਰ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਵੀ ਦੋਸੀ ਹੈ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਮੈਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ।