ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੀ ਜਮਾਨਤ ਪਟੀਸਨ ਕੀਤੀ ਰੱਦ

ਨਵੀਂ ਦਿੱਲੀ 4 ਸਤੰਬਰ (ਪੰਜਾਬੀ ਸਪੈਕਟ੍ਰਮ ਸਰਵਿਸ): 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ‘ਚ ਉਮਰ ਕੈਦ ਦੀ ਸਜਾ ਕੱਟ ਰਹੇ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਸੁੱਕਰਵਾਰ ਨੂੰ ਸੱਜਣ ਕੁਮਾਰ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਸੱਜਣ ਕੁਮਾਰ ਵਲੋਂ ਵੱਧਦੀ ਉਮਰ ਅਤੇ ਬਿਮਾਰੀ ਦੇ ਅਧਾਰ ‘ਤੇ ਜ਼ਮਾਨਤ ਮੰਗੀ ਗਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।
ਅਦਾਲਤ ਨੇ ਕਿਹਾ ਕਿ ਇਹ ਕੋਈ ਛੋਟਾ ਕੇਸ ਨਹੀਂ ਹੈ। ਇਸ ਕੇਸ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਐਸਏ ਬੋਬੜੇ ਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ ਹੋਣਾ ਜਰੂਰੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ। ਅਸੀਂ ਪਟੀਸਨ ਖਾਰਜ ਕਰ ਦਿੰਦੇ ਹਾਂ।
ਸੁਪਰੀਮ ਕੋਰਟ ਨੇ ਕਿਹਾ ਕਿ ਸੱਜਣ ਦੀ ਸਜਾ ਖਿਲਾਫ ਅਪੀਲ ਹੇਠਲੀ ਅਦਾਲਤ ਖੁੱਲ੍ਹਣ ਤੋਂ ਬਾਅਦ ਹੋਵੇਗੀ। ਅਦਾਲਤ ਨੇ ਸੱਜਣ ਨੂੰ ਹਸਪਤਾਲ ਵਿੱਚ ਰਹਿਣ ਦੀ ਅਰਜ਼ੀ ਨੂੰ ਵੀ ਠੁਕਰਾ ਦਿੱਤਾ ਅਤੇ ਕਿਹਾ ਕਿ ਮੈਡੀਕਲ ਰਿਪੋਰਟ ਮੁਤਾਬਕ ਹਸਪਤਾਲ ਵਿੱਚ ਦਾਖਲ ਰਹਿਣ ਦੀ ਜਰੂਰਤ ਨਹੀਂ ਹੈ।
ਦੱਸ ਦਈਏ ਕਿ ਦਸੰਬਰ 2018 ਵਿੱਚ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ਸੁਪਰੀਮ ਕੋਰਟ ਨੇ ਫਿਲਹਾਲ ਉਮਰ ਅਤੇ ਬਿਮਾਰੀ ਦੇ ਅਧਾਰ ‘ਤੇ ਅੰਤਰਿਮ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸਨੂੰ ਜੇਲ੍ਹ ਵਿੱਚ ਰਹਿਣਾ ਪਏਗਾ।